‘ਓਪਰੇਸ਼ਨ ਲੋਟਸ’ ਖਿਲਾਫ ਡੀ.ਜੀ.ਪੀ ਕੋਲ ਪੁੱਜੀ ‘ਆਪ’, ਦਿੱਤੀ ਸ਼ਿਕਾਇਤ

ਚੰਡੀਗੜ੍ਹ- ਭਾਰਤੀ ਜਨਤਾ ਪਾਰਟੀ ‘ਤੇ ਵਿਧਾਇਕ ਖਰੀਦਣ ਦੇ ਇਲਜ਼ਾਮ ਲਗਾਉਣ ਵਾਲੀ ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਕਨੂੰਨ ਦੇ ਦਰਵਾਜੇ ਤ’ੇ ਪਹੁੰਚ ਗਈ ਹੈ । ਕੈਬਨਿਟ ਮੰਤਰੀ ਹਰਪਾਲ ਚੀਮਾ ਨੇ ਇਨ੍ਹਾਂ ਵਿਧਾਇਕਾਂ ਦੇ ਨਾਲ ਪੰਜਾਬ ਪੁਲਿਸ ਦੇ ਮੁਖੀ ਗੌਰਵ ਯਾਦਵ ਨੂੰ ਸ਼ਿਕਾਇਤ ਦਿੱਤੀ ਗਈ ਹੈ ।ਵਿੱਤ ਮੰਤਰੀ ਚੀਮਾ ਮੁਤਾਬਿਕ ਜਲੰਧਰ ਵੈਸਟ ਤੋਂ ‘ਆਪ’ ਵਿਧਾਇਕ ਸ਼ੀਤਲ ਅੰਗੁਰਾਲ ਨੂੰ ਜਾਨ ਤੋਂ ਮਾਰਨ ਦੀ ਵੀ ਧਮਕੀ ਦਿੱਤੀ ਗਈ ਹੈ ।ਸ਼ੀਤਲ ਅੰਗੁਰਾਲ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਸਾਰੇ ਸਬੂਤ ਹਨ ।ਪੰਜਾਬ ਅਤੇ ਹਰਿਆਣਾ ਦੇ ਲੋਕਾਂ ਨੂੰ ਉਨ੍ਹਾਂ ਨੂੰ ਧਮਕੀ ਦਿੱਤੀ ਹੈ ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਪਾਲ ਚੀਮਾ ਨੇ ਕਿਹਾ ਕਿ ਭਾਜਪਾ ਵਲੋਂ ਓਪਰੇਸ਼ਨ ਲੋਟਸ ਤਹਿਤ 35 ਵਿਧਾਇਕਾਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ । ਚੀਮਾ ਬੁੱਧਵਾਰ ਨੂੰ 10 ਵਿਧਾਇਕ ਲੈ ਕੇ ਡੀ.ਜੀ.ਪੀ ਅੱਗੇ ਪੇਸ਼ ਹੋਏ ।

ਓਧਰ ਵਿਦੇਸ਼ ਯਾਤਰਾ ‘ਤੇ ਗਏ ਸੀ.ਐੱਮ ਭਗਵੰਤ ਮਾਨ ਦਾ ਵੀ ਓਪਰੇਸ਼ਨ ਲੋਟਸ ‘ਤੇ ਬਿਆਨ ਆਇਆ ਹੈ । ਸੀ.ਐੱਮ ਮਾਨ ਮੁਤਾਬਿਕ ਪਾਰਟੀ ਦੇ 6-7 ਵਿਧਾਇਕਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ।ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਮਜ਼ਬੂਤ ਹੈ, ਭਾਜਪਾ ਦੀ ਸਿਆਸੀ ਚਾਲ ਇਸ ਸੂਬੇ ‘ਤੇ ਨਹੀਂ ਚੱਲਣ ਵਾਲੀ ।

ਜ਼ਿਕਰਯੋਗ ਹੈ ਕਿ ਇਕ ਦਿਨ ਪਹਿਲਾਂ 13 ਸਤੰਬਰ ਨੂੰ ਵਿੱਤ ਮੰਤਰੀ ਹਰਪਾਲ ਚੀਮਾ ਵਲੋਂ ਪੈ੍ਰਸ ਕਾਨਫਰੰਸ ਕਰਕੇ ਭਾਰਤੀ ਜਨਤਾ ਪਾਰਟੀ ‘ਤੇ ਪੰਜਾਬ ਚ ਓਪਰੇਸ਼ਨ ਲੋਟਸ ਚਲਾਉਣ ਦੇ ਇਲਜ਼ਾਮ ਲਗਾਏ ਗਏ ਸਨ । ਚੀਮਾ ਦਾ ਕਹਿਣਾ ਹੈ ਕਿ ਭਾਜਪਾ ਵਲੋਂ ‘ਆਪ’ ਵਿਧਾਇਕਾਂ ਨੂੰ 25 ਕਰੋੜ ਰੁਪਏ ਦੀ ਆਫਰ ਦਿੱਤੀ ਜਾ ਰਹੀ ਹੈ ।ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ‘ਆਪ’ ਦੇ ਇਨ੍ਹਾਂ ਇਲਜ਼ਾਮਾਂ ਨੂੰ ਹਾਸੋਹੀਣਾ ਦੱਸਿਆ ਹੈ ।