ਜਲੰਧਰ- ਕਾਂਗਰਸ ਪਾਰਟੀ ਦੇ ਯੁਵਰਾਜ ਰਾਹੁਲ ਗਾਂਧੀ ਵਲੋਂ ਪੰਜਾਬ ਕਾਂਗਰਸ ਨੂੰ ਲੈ ਵਰਤਿਆ ਗਿਆ ਇੱਕ ਹੋਰ ਫਾਰਮੁਲਾ ਫੇਲ੍ਹ ਹੁੰਦਾ ਜਾਪ ਰਿਹਾ ਹੈ.ਸਿੱਧੂ ਨੂੰ ਪੰਜਾਬ ਦੀ ਕਮਾਨ ਦੇਣ ਅਤੇ ਕੈਪਟਨ ਨੂੰ ਲਾਂਭੇ ਕਰਨ ਤੋਂ ਬਾਅਦ ਅੰਦਰਖਾਤੇ ਪਰੇਸ਼ਾਨ ਹੋਈ ਕਾਂਗਰਸ ਅਆਪਸੀ ਗੁੱਟਬਾਜੀ ਤੋਂ ਪਾਰ ਨਹੀਂ ਪਾ ਰਹੀ ਹੈ.ਬਾਗੀਆਂ ਨੂੰ ਮਨਾਉਣ ਲਈ ਵੰਡੀ ਗਈ ਚੇਅਰਮੈਨੀ ਹੁਣ ਉਨ੍ਹਾਂ ਲਈ ਹੀ ਗਲੇ ਦਾ ਫੰਦਾ ਸਾਬਿਤ ਹੋ ਰਹੀ ਹੈ.
ਕੈਪਟਨ ਅਮਰਿੰਦਰ ਸਿੰਘ ਜੱਦ ਤੱਕ ਮੁੱਖ ਮੰਤਰੀ ਸੀ,ਜੱਦ ਤੱਕ ਉਹ ਪੰਜਾਬ ਦੀ ਕਮਾਨ ਸਾਂਭ ਰਹੇ ਸਨ ,ਤੱਦ ਤੱਕ ਪਾਰਟੀ ਦੇ ਅੰਦਰ ਬਾਹਰ ਇਨੀਆਂ ਆਵਾਜ਼ਾਂ ਸੁਣਨ ਨੂੰ ਨਹੀਂ ਮਿਲਿਆ ਸਨ.ਪਰ ਜਦੋਂ ਦਾ ਓਪਰੇਸ਼ਨ ਸਫਾਇਆ ਚਲਾ ਕੇ ਕੈਪਟਨ ਨੂੰ ਲਾਂਭੇ ਕੀਤਾ ਗਿਆ ਉਦੋਂ ਤੋਂ ਹੀ ਪੰਜਾਬ ਕਾਂਗਰਸ ਚ ਕੁੱਝ ਵੀ ਸਹੀ ਨਹੀਂ ਚੱਲ ਰਿਹਾ ਹੈ.ਸੁਖਜਿੰਦਰ ਰੰਧਾਵਾ ਅਤੇ ਸੁਨੀਲ ਜਾਖੜ ਦਾ ਰੁਸਨਾ ਅਜੇ ਚੱਲ ਹੀ ਰਿਹਾ ਸੀ ਕੀ ਰਾਹੁਲ ਗਾਂਧੀ ਨੇ ਨਵਾਂ ਫਾਰਮੁਲਾ ਚਲਾ ਦਿੱਤਾ.
ਜਾਖੜ ਅਤੇ ਪ੍ਰਤਾਪ ਬਾਜਵਾ ਨੂੰ ਚੋਣ ਕਮੇਟੀਆਂ ਦੀ ਚੇਅਰਮੈਨੀ ਦੇ ਦਿੱਤੀ ਗਈ.ਸੁਨੀਲ ਜਾਖੜ ਪ੍ਰਚਾਰ ਕਮੇਟੀ ਅਤੇ ਬਾਜਵਾ ਮੈਨੀਫੈਸਟੋ ਦਾ ਕੰਮ ਦੇਖ ਰਹੇ ਹਨ.ਸੋਨੀਆ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਜਿਵੇਂ ਹੀ ਇਹ ਨੇਤਾ ਪੰਜਾਬ ਪਰਤੇ ਤਾਂ ਇਨ੍ਹਾਂ ਇੱਕ ਵਾਰ ਫਿਰ ਤੋਂ ਆਪਣੀ ਤੋਪ ਦਾ ਮੁੰਹ ਖੋਲ ਦਿੱਤਾ.ਸਿੱਧੂ ਵਲੋਂ ਐਲਾਨੇ ਗਏ ਉਮੀਦਵਾਰ ਫਤਿਹਜੰਗ ਬਾਜਵਾ ਨੂੰ ਉਨ੍ਹਾਂ ਦੇ ਹੀ ਭਰਾ ਪ੍ਰਤਾਪ ਬਾਜਵਾ ਨੇ ਨਕਾਰ ਦਿੱਤਾ.ਜਦਕਿ ਸਿੱਧੂ ਡੇਰਾ ਬਾਬਾ ਨਾਨਕ ਵਿਖੇ ਹੋਈ ਰੈਲੀ ਚ ਉਨ੍ਹਾਂ ਨੂੰ ਵੱਡਾ ਅਹੁਦਾ ਵੀ ਵੰਡ ਆਏ ਸਨ.
ਅਗਲੀ ਵਾਰੀ ਆਈ ਸੁਨੀਲ ਜਾਖੜ ਦੀ.ਪ੍ਰਚਾਰ ਕਮੇਟੀ ਦੀ ਪਹਿਲੀ ਬੈਠਕ ਚ ਹੀ ਉਨ੍ਹਾਂ ਨਵਜੋਤ ਸਿੱਧੂ ਨੂੰ ਗੱਲਾਂ ਗੱਲਾਂ ਚ ਹੀ ਘੇਰ ਲਿਆ.ਫਿਰ ਹਰ ਕਿਸੇ ਨੇ ਆਪਣੀ ਆਪਣੀ ਕਮੇਟੀ ਦੀ ਬੈਠਕ ਬੁਲਾ ਕੇ ਆਪਣੀ ਭੜਾਸ ਕੱਢੀ.ਚੰਡੀਗੜ੍ਹ ਕਾਂਗਰਸ ਭਵਨ ਚ ਖਰੀ ਖਰੀ ਸੁਨਾਉਣ ਵਾਲੇ ਜਾਖੜ ਜਲੰਧਰ ਦੇ ਪ੍ਰਤਾਪੁਰਾ ਚ ਹੋਈ ਰੈਲੀ ਚ ਚੁੱਪ ਨਹੀਂ ਹੋਏ.ਮੰਚ ‘ਤੇ ਬੈਠੇ ਨੇਤਾਵਾਂ ਨੂੰ ਉਹ ਬਹੁਤ ਕੁੱਝ ਸੁਣਾ ਗਏ.ਵੈਸੇ ਜਿਸਦੇ ਖਿਲਾਫ ਅਸਲ ਭੜਾਸ ਸੀ,ਉਹ ਨੇਤਾ ਉਸ ਰੈਲੀ ਚ ਪੁੱਜਿਆ ਹੀ ਨਹੀਂ.
ਸੋ ਕੁੱਲ ਮਿਲਾ ਕੇ ਇਹ ਗੱਲ ਨਜ਼ਰ ਆ ਰਹੀ ਹੈ ਕੀ ਨਵੀਆਂ ਬਦਲੀਆਂ ਦੇ ਬਾਵਜੂਦ ਵੀ ਕਾਂਗਰਸ ਚ ਸੱਭ ਠੀਕ ਨਹੀਂ ਹੈ.ਕੈਪਟਨ ਨੂੰ ਲਾਂਭੇ ਕਰਨ ਉਪਰੰਤ ਸੱਭ ਠੀਕ ਹੋਣ ਦੀ ਥਾਂ ਸੱਭ ਉਲਝ ਕੇ ਰਹਿ ਗਿਆ ਜਾਪ ਰਿਹਾ ਹੈ.