ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ‘ਚ ਫਟਿਆ ਬੱਦਲ, 7 ਲੋਕਾਂ ਦੀ ਮੌ.ਤ

ਡੈਸਕ- ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ‘ਚ ਐਤਵਾਰ ਦੇਰ ਰਾਤ ਬੱਦਲ ਫਟਿਆ। ਬੱਦਲ ਫਟਣ ਦੀ ਇਸ ਘਟਨਾ ਵਿਚ 7 ਲੋਕਾਂ ਦੀ ਮੌਤ ਹੋ ਗਈ, ਜਦਕਿ ਤਿੰਨ ਲਾਪਤਾ ਹਨ, ਟੀਮ ਨੇ ਪੰਜ ਲੋਕਾਂ ਨੂੰ ਬਚਾ ਲਿਆ ਹੈ। ਇਸ ਤੋਂ ਇਲਾਵਾ ਜ਼ਮੀਨ ਖਿਸਕਣ ਕਾਰਨ ਕਈ ਹਾਈਵੇਅ ਅਤੇ ਸੜਕਾਂ ਬੰਦ ਹੋ ਗਈਆਂ ਹਨ। ਬੱਦਲ ਫੱਟਣ ਦੀ ਜਾਣਕਾਰੀ SDM ਸਿਧਾਰਥ ਅਚਾਰਿਆ ਨੇ ਸਾਂਝੀ ਕੀਤੀ।

ਪੁਲਿਸ ਕੰਟਰੋਲ ਰੂਮ ਸੋਲਨ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਜਾਦੋਂ ਡਾਕਖਾਨੇ ’ਤੇ ਬੱਦਲ ਫਟ ਗਿਆ। ਇਸ ਨਾਲ ਦੋ ਘਰ ਅਤੇ ਇੱਕ ਗਊ ਸ਼ੈੱਡ ਰੁੜ੍ਹ ਗਿਆ। ਪਿੰਡ ਜਾਦੌਨ ਵਿੱਚ ਜ਼ਮੀਨ ਖਿਸਕਣ ਕਾਰਨ ਰਤੀ ਰਾਮ ਅਤੇ ਉਸ ਦੇ ਪੁੱਤਰ ਹਰਨਾਮ ਦੇ ਦੋ ਘਰ ਨੁਕਸਾਨੇ ਗਏ। ਇਸ ਵਿੱਚ ਸੱਤ ਲੋਕਾਂ ਦੀ ਮੌਤ ਹੋ ਗਈ ਹੈ। ਚਾਰ ਮਰਦ ਅਤੇ ਤਿੰਨ ਔਰਤਾਂ ਹਨ। ਮ੍ਰਿਤਕਾਂ ਵਿੱਚ ਹਰਨਾਮ (38), ਕਮਲ ਕਿਸ਼ੋਰ (35), ਹੇਮਲਤਾ (34), ਰਾਹੁਲ (14), ਨੇਹਾ (12), ਗੋਲੂ (8), ਰਕਸ਼ਾ (12) ਸ਼ਾਮਲ ਹਨ।

SDM ਕੰਡਾਘਾਟ ਸਿਧਾਰਥ ਅਚਾਰੀਆ ਨੇ ਦੱਸਿਆ ਕਿ ਇੱਕ ਔਰਤ ਕਾਂਤਾ ਦੇਵੀ ਦੀ ਲੱਤ ਟੁੱਟ ਗਈ ਹੈ। ਉਸ ਨੂੰ ਇਲਾਜ ਲਈ ਭੇਜ ਦਿੱਤਾ ਗਿਆ ਹੈ। ਜਦਕਿ ਪੰਜ ਲੋਕ ਠੀਕ ਹਨ। ਇਸ ਦੇ ਨੇੜਲੇ ਪਿੰਡ ਜੱਬਲ ਵਿੱਚ ਵੀ ਗਊਸ਼ਾਲਾ ਡਿੱਗਣ ਕਾਰਨ ਪੰਜ ਪਸ਼ੂਆਂ ਦੀ ਮੌਤ ਹੋ ਗਈ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਮੌਤਾਂ ’ਤੇ ਅਫਸੋਸ ਪ੍ਰਗਟ ਕਰਦਿਆਂ ਅਧਿਕਾਰੀਆਂ ਨੂੰ ਲੋਕਾਂ ਦੀ ਹਰ ਸੰਭਵ ਮਦਦ ਕਰਨ ਵਾਸਤੇ ਹਦਾਇਤਾਂ ਦਿੱਤੀਆਂ ਹਨ।