ਕੀ ਹੈ ਰੂਸ ਤੇ ਯੂਕਰੇਨ ਦੇ ਵਿਵਾਦ ਦੀ ਅਸਲ ਵਜ੍ਹਾ?

ਯੂਕ੍ਰੇਨ ਤੇ ਰੂਸ ਵਿਚਾਲੇ ਵਿਵਾਦ ਆਪਣੇ ਸਿਖਰ ‘ਤੇ ਪਹੁੰਚ ਚੁੱਕਾ ਹੈ। ਲੰਬੇ ਤਣਾਅ ਤੋਂ ਬਾਅਦ ਵੀਰਵਾਰ ਨੂੰ ਰੂਸ ਨੇ ਸਵੇਰੇ ਪੰਜ ਵਜੇ ਯੂਕਰੇਨ ‘ਤੇ ਹਮਲਾ ਬੋਲ ਦਿੱਤਾ।… ਰੂਸ ਦੇ ਰਾਸ਼ਟਰਪਤੀ ਪੁਤਿਨ ਨੇ ਨੈਸ਼ਨਲ ਟੈਲੀਵਿਜ਼ਨ ‘ਤੇ ਹਮਲੇ ਦਾ ਐਲਾਨ ਕੀਤਾ।….ਪੁਤਿਨ ਦੇ ਬਿਆਨ ਦੇ 5 ਮਿੰਟਾਂ ਦੇ ਅੰਦਰ ਹੀ ਯੂਕਰੇਨ ਦੀ ਰਾਜਧਾਨੀ ਕੀਵ ਸਮੇਤ ਕਈ ਥਾਵਾਂ ਤੇ 12 ਧਮਾਕੇ ਹੋਏ. ਰਾਜਧਾਨੀ ਕੀਵ ਤੇ ਮਿਜ਼ਾਈਲ ਹਮਲੇ ਵੀ ਹੋਏ. ਉਥੋਂ ਦਾ ਏਅਰਪੋਰਟ ਬੰਦ ਕਰ ਦਿੱਤਾ ਗਿਆ.ਰੂਸ ਦਾ ਦਾਅਵਾ ਹੈ ਕਿ ਉਸ ਨੇ ਯੂਕਰੇਨ ਦੇ ਏਅਰਬੇਸ ਏ ਏਅਰ ਡਿਫੈਂਸ ਨੂੰ ਪੂਰੀ ਤਰਾਂ ਤਬਾਹ ਕਰ ਦਿੱਤਾ ਹੈ। . ਪੂਰਬੀ ਯੂਕਰੇਨ ਦੇ ਕਈ ਇਲਾਕਿਆਂ ਤੇ ਕਬਜ਼ਾ ਵੀ ਕਰ ਲਿਆ ਗਿਆ ਹੈ। . ਦੂਜੇ ਪਾਸੇ ਯੂਕਰੇਨ ਦੀ ਫੌਜ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਲੁਹਾਂਸਕ ਵਿਚ 5 ਰੂਸੀ ਜਹਾਜ਼ਾਂ ਨੂੰ ਮਾਰ ਡਿਗਾਇਆ ਹੈ। ਯੂਕਰੇਨ ਤੇ ਰੂਸ , ਬੇਲਾਰੂਸ ਤੇ ਕਰੀਮੀਆ ਬਾਰਡਰ ਵੱਲੋਂ ਹਮਲੇ ਹੋ ਰਹੇ ਨੇ। ਰੂਸ ਦਾ ਦਾਅਵਾ ਹੈ ਕਿ ਉਹਨਾਂ ਦਾ ਨਿਸ਼ਾਨਾ ਯੂਕਰੇਨ ਸ਼ਹਿਰ ਦੇ ਫੌਜੀ ਠਿਕਾਣੇ ਨੇ। ਜੇ ਰੂਸ ਯੂਕਰੇਨ ਤੇ ਕਬਜ਼ਾ ਨਹੀਂ ਕਰਨਾ ਚਾਹੁੰਦਾ ਤਾਂ ਫਿਰ ਉਸ ਦਾ ਇਰਾਦਾ ਕੀ ਹੈ। ਉਹ ਦੇਸ਼ ਜੋ ਰੂਸ ਤੋਂ 10 ਗੁਨਾ ਛੋਟਾ ਹੈ. ਉਸ ਦੇਸ਼ ਤੋਂ ਰੂਸ ਨੂੰ ਆਖਿਰ ਕੀ ਖਤਰਾ ਹੈ . ਇਸ ਦਰਮਿਆਨ ਜਾਣ ਲੈਂਦੇ ਆ ਕਿ ਯੂਕਰੇਨ ਤੇ ਰੂਸ ਦੇ ਵਿਚਾਲੇ ਵਿਵਾਦ ਦੀ ਅਸਲ ਵਜਾ ਕੀ ਹੈ ? …

ਕੀ ਹੈ ਯੂਕ੍ਰੇਨ ਤੇ ਰੂਸ ਵਿਚਾਲੇ ਵਿਵਾਦ ਦੀ ਅਸਲ ਵਜ੍ਹਾ ?

ਸੱਭਿਆਚਾਰਕ ਕਾਰਨ

ਰੂਸ ਤੇ ਯੂਕਰੇਨ ਵਿਚਾਲੇ ਵਿਵਾਦ ਤਾਜ਼ਾ ਨਹੀਂ ਹੈ। ਇਸ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹਨ। ਦਰਅਸਲ ਰੂਸ ਤੇ ਯੂਕਰੇਨ ਸੋਵੀਅਤ ਸੰਘ ਦਾ ਹਿੱਸਾ ਸਨ। ਸੋਵੀਅਤ ਯੂਨੀਅਨ ਦੇ ਭੰਗ ਹੋਣ ਤੋਂ ਬਾਅਦ ਰੂਸ ਤੇ ਅਮਰੀਕਾ ਦੇ ਸਬੰਧਾਂ ’ਚ ਮਤਭੇਦ ਬਣੇ ਰਹੇ ਪਰ ਯੂਰਪ ਦੇ ਨਾਲ ਲੱਗਦੇ ਆਜ਼ਾਦ ਰਾਜ ਪੱਛਮੀ ਦੇਸ਼ਾਂ ਤੇ ਅਮਰੀਕਾ ਦੇ ਨੇੜੇ ਆ ਗਏ। ਰੂਸ ਨੂੰ ਸੋਵੀਅਤ ਯੂਨੀਅਨ ਤੋਂ ਆਜ਼ਾਦ ਹੋਏ ਰਾਜਾਂ ਨਾਲ ਯੂਰਪੀ ਦੇਸ਼ਾਂ ਤੇ ਅਮਰੀਕਾ ਦੀ ਨੇੜਤਾ ਪਸੰਦ ਨਹੀਂ ਸੀ। ਅਮਰੀਕਾ ਤੇ ਰੂਸ ਦੀ ਸਰਬਉੱਚਤਾ ਦੀ ਲੜਾਈ ’ਚ ਇਹ ਵਿਵਾਦ ਹੋਰ ਡੂੰਘਾ ਹੋ ਗਿਆ। ਅਮਰੀਕਾ ਖੁਦ ਨੂੰ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਮੰਨਦਾ ਹੈ। ਪਰ ਰੂਸ ਹੈ ਕਿ ਝੁਕਣ ਨੂੰ ਤਿਆਰ ਨਹੀਂ। ਉਧਰ ਯੂਕਰੇਨ ਵੀ ਅੜ੍ਹ ਗਿਆ ਹੈ। ਰੂਸ ਨੂੰ ਯੂਕਰੇਨ ਤੇ ਨਾਟੋ ਦੀ ਨੇੜਤਾ ਪਸੰਦ ਨਹੀਂ ਹੈ। ਇਸ ਕਾਰਨ ਰੂਸ ਨੇ ਵੀ ਯੂਕਰੇਨ ਨੂੰ ਲੈ ਕੇ ਆਪਣੀ ਸਥਿਤੀ ਸਖ਼ਤ ਕਰ ਲਈ। ਆਓ ਜਾਣਦੇ ਹਾਂ ਰੂਸ ਤੇ ਯੂਕਰੇਨ ਵਿਚਾਲੇ ਵਿਵਾਦ ਦੀ ਜੜ੍ਹਾਂ ’ਚ ਹੋਰ ਕੀ-ਕੀ ਹੈ ?

1991 ਵਿਚ ਸੋਵੀਅਤ ਯੂਨੀਅਨ ਦੇ ਟੁੱਕੜੇ ਹੋਏ.15 ਦੇਸ਼ਾਂ ਵਿਚ ਰੂਸ ਸਭ ਤੋ ਵੱਡਾ ਦੇਸ਼ ਸੀ. ਯੂਕਰੇਨ ਵੀ ਸੋਵੀਅਤ ਯੂਨੀਅਨ ਦਾ ਹੀ ਹਿਸਾ ਸੀ। ਯੂਕਰੇਨ ਦੇ ਅੱਧੇ ਲੋਕ ਖੁਦ ਨੂੰ ਆਜ਼ਾਦ ਦੇਸ਼ ਮੰਨਦੇ ਨੇ। ਉਹਨਾਂ ਵਿਚ ਆਜ਼ਾਦੀ ਦੀ ਭਾਵਨਾ ਹੈ ਪਰ ਅੱਧੇ ਲੋਕਾਂ ਦਾ ਝੁਕਾਅ ਰੂਸ ਵੱਲ ਹੈ। ਉਹਨਾਂ ਦਾ ਮੰਨਣਾ ਹੈ ਕਿ ਉਹਨਾਂ ਦੀਆਂ ਜੜ੍ਹਾਂ ਰੂਸ ਵਿਚ ਨੇ . ਤੇ ਉਹਨਾਂ ਨੂੰ ਰੂਸ ਦਾ ਹਿੱਸਾ ਹੋਣਾਂ ਚਾਹੀਦਾ ਹੈ। ਇਹਨਾਂ ਲੋਕਾਂ ਦੇ ਧਰਮ , ਰੀਤੀ ਰਸਮਾਂ ਤੇ ਸੱਭਿਆਚਾਰ ਰੂਸ ਦੇ ਲੋਕਾਂ ਨਾਲ ਮਿਲਦਾ ਸੀ। ਇਹਨਾਂ ਲੋਕਾਂ ਲਈ 1991 ਵਿਚ ਉਹਨਾਂ ਨੂੰ ਆਜ਼ਾਦੀ ਨਹੀਂ ਮਿਲੀ ਸਗੋਂ ਉਹਨਾਂ ਦੇ ਦੇਸ਼ ਦੇ ਟੁੱਕੜੇ ਹੋ ਗਏ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੀ ਅਜਿਹੇ ਲੋਕਾਂ ਵਿਚੋਂ ਇਕ ਨੇ। ਉਹਨਾਂ ਦਾ ਮੰਨਣਾ ਹੈ ਕਿ ਰੂਸ ਦੇ 25 ਮਿਲੀਅਨ ਲੋਕ ਇਸ ਵੰਡ ਦੇ ਕਾਰਨ ਰੂਸ ਤੋਂ ਵੱਖ ਹੋ ਗਏ। ਪੁਤਿਨ ਦਾ ਕਹਿਣਾ ਹੈ ਕਿ ਯੂਕਰੇਨ ਤੇ ਯੂਕਰੇਨ ਦੇ ਲੋਕ ਰੂਸ ਦੇ ਇਤਿਹਾਸ ਦੇ ਸੱਭਿਆਚਾਰ ਦਾ ਇੱਕ ਅਹਿਮ ਹਿੱਸਾ ਹੈ , ਇਸ ਲਈ ਇਹ ਲੋਕ ਰੂਸ ਵਿਚ ਸ਼ਾਮਿਲ ਹੋਣੇ ਚਾਹੀਦੇ ਨੇ।

ਸੁਰੱਖਿਆ ਕਾਰਨ

ਰੂਸ ਦੇ ਯੂਕਰੇਨ ‘ਤੇ ਹਮਲੇ ਦਾ ਇੱਕ ਕਾਰਨ ਸੁਰੱਖਿਆ ਵੀ ਹੈ। ਰੂਸ ਚਾਰੋਂ ਪਾਸਿਆਂ ਤੋਂ ਨਾਟੋ ਤੇ ਯੂਰਪ ਯੂਨੀਅਨ ਦੇ ਦੇਸ਼ਾਂ ਨਾਲ ਘਿਰਿਆ ਹੈ। ਨਾਟੋ USA ਤੇ ਯੂਰਪੀ ਦੇਸ਼ਾਂ ਵਿਚਕਾਰ ਫੌਜੀ ਗਠਜੋੜ ਹੈ,ਜੋ ਆਪਣੇ ਮੈਂਬਰ ਦੇਸ਼ਾਂ ਦੀ ਮਦਦ ਲਈ ਕਿਸੇ ਵੀ ਦੇਸ਼ ਤੇ ਫੌਜੀ ਕਾਰਵਾਈ ਯੂਕਰੇਨ ਦੀ ਵੱਡੀ ਸਰਹੱਦ ਰੂਸ ਨਾਲ ਲੱਗਦੀ ਹੈ। ਜੇਕਰ ਯੂਕਰੇਨ ਵੀ ਯੂਰਪੀ ਯੂਨੀਅਨ ਵਿਚ ਸ਼ਾਮਲ ਹੋ ਗਿਆ ਤੇ ਨਾਟੋ ਦਾ ਮੈਂਬਰ ਬਣ ਗਿਆ ਤਾਂ ਰੂਸ ਚੌਤਰਫਾ ਘਿਰ ਜਾਵੇਗਾ ਜੋ ਉਸ ਨੂੰ ਮੰਜੂਰ ਨਹੀਂ।
30 ਦੇਸ਼ ਨਾਟੋ ਦਾ ਹਿੱਸਾ ਹੈ। ਰੂਸ ਨੂੰ ਇੱਕ ਪਾਸੇ ਯੂਰਪੀਅਨ ਦੇਸ਼ਾਂ ਨੇ ਘੇਰ ਰੱਖਿਆ ਹੈ। ਦੂਜੇ ਪਾਸੇ ਜਪਾਨ ਵੀ ਨਾਟੋ ਦੇਸ਼ ਹੈ। ਜਪਾਨ G-7 ਤੇ ਕੁਆਡ ਗਰੁੱਪ ਦਾ ਵੀ ਹਿੱਸਾ ਹੈ। ਰੂਸ ਦਾ ਬਾਰਡਰ ਫਿਨਲੈਂਡ ਨਾਲ ਵੀ ਮਿਲਦਾ ਹੈ। ਹੁਣ ਜੇ ਯੂਕਰੇਨ ਵੀ ਨਾਟੋ ਦਾ ਹਿੱਸਾ ਬਣ ਜਾਵੇਗਾ ਤਾਂ ਰੂਸ ਇੱਕਲਾ ਰਹਿ ਜਾਵੇਗਾ।. ਜਿਸ ਨਾਲ ਉਸ ਤੇ ਦਬਾਅ ਵਧੇਗਾ

ਕਦੋਂ ਸ਼ੁਰੂ ਹੋਇਆ ਰੂਸ ਤੇ ਯੂਕਰੇਨ ਵਿਚਾਲੇ ਸੰਘਰਸ਼

ਮੌਜੂਦਾ ਸੰਘਰਸ਼ 2013 ’ਚ ਸ਼ੁਰੂ ਹੋਇਆ ਜਦੋਂ ਯੂਕਰੇਨ ’ਚ ਰੂਸ ਪੱਖੀ ਰਾਸ਼ਟਰਪਤੀ ਵਿਕਟਰ ਯਾਨੁਕੋਵਿਚ ਨੇ ਯੂਰਪੀਅਨ ਯੂਨੀਅਨ ਨਾਲ ਮਹੱਤਵਪੂਰਨ ਰਾਜਨੀਤਿਕ ਤੇ ਵਪਾਰਕ ਸੌਦਿਆਂ ਨੂੰ ਰੋਕ ਦਿੱਤਾ। ਇਹ ਕਾਨੂੰਨ ਯੂਕਰੇਨ ਦੀ ਸੰਸਦ ਵਿਚ ਸਿਰਫ ਹੱਥ ਖੜ੍ਹੇ ਕਰਵਾ ਕੇ ਪਾਸ ਕੀਤੇ ਗਏ. ਇਸ ਫ਼ੈਸਲੇ ਨਾਲ ਯੂਕਰੇਨ ਵਿਚ ਯੂਰਪੀ ਯੂਨੀਅਨ ਦੇ ਹਮਾਇਤੀ ਲੋਕ ਭੜਕ ਗਏ. ਇਸ ਦੇ ਖ਼ਿਲਾਫ਼ ਕਈ ਹਫ਼ਤਿਆਂ ਤੱਕ ਉੱਥੇ ਵਿਰੋਧ ਪ੍ਰਦਰਸ਼ਨ ਹੋਏ। ਕਈ ਥਾਵਾਂ ’ਤੇ ਹਿੰਸਕ ਅੰਦੋਲਨ ਹੋਏ। ਦੂਜੇ ਪਾਸੇ ਰੂਸ ਸਮਰਥਕ ਇਲਾਕਿਆਂ ਵਿਚ ਵੀ ਹਿੰਸਕ ਸੰਘਰਸ਼ ਹੁੰਦੇ ਰਹੇ। ਮਾਰਚ 2014 ’ਚ ਰੂਸ ਨੇ ਕ੍ਰੀਮੀਆ ’ਤੇ ਕਬਜ਼ਾ ਕਰ ਲਿਆ। ਇਸ ਤੋਂ ਥੋੜ੍ਹੀ ਦੇਰ ਬਾਅਦ, ਯੂਕਰੇਨ ਦੇ ਡੋਨੇਟਸਕ ਤੇ ਲੁਹਾਨਸਕ ’ਚ ਰੂਸ ਪੱਖੀ ਵੱਖਵਾਦੀਆਂ ਨੇ ਇਨ੍ਹਾਂ ਖੇਤਰਾਂ ਨੂੰ ਖੁਦਮੁਖ਼ਤਿਆਰ ਘੋਸ਼ਿਤ ਕਰ ਦਿੱਤਾ। ਫਰਾਂਸ ਤੇ ਜਰਮਨੀ ਦੇ ਯਤਨਾਂ ਨਾਲ ਇਨ੍ਹਾਂ ਖੇਤਰਾਂ ਨੂੰ ਖ਼ੁਦਮੁਖਤਿਆਰ ਘੋਸ਼ਿਤ ਕਰਨ ਲਈ ਯੂਕਰੇਨ ਤੇ ਰੂਸ ਵਿਚਾਲੇ ਸਮਝੌਤਾ ਵੀ ਹੋਇਆ ਪਰ ਫਿਰ ਵੀ ਇਹ ਸੰਘਰਸ਼ ਰੁਕਿਆ ਨਹੀਂ।

ਸੰਯੁਕਤ ਰਾਸ਼ਟਰ ਮੁਤਾਬਕ ਮਾਰਚ 2014 ਤੋਂ ਹੁਣ ਤਕ ਵੱਖ-ਵੱਖ ਸੰਘਰਸ਼ਾਂ ’ਚ 3000 ਤੋਂ ਵੱਧ ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ। 1990 ਦੇ ਦਹਾਕੇ ਤੱਕ ਯੂਕਰੇਨ ਸਾਬਕਾ ਸੋਵੀਅਤ ਸੰਘ ਦਾ ਇੱਕ ਵੱਡਾ ਹਿੱਸਾ ਸੀ। ਸੋਵੀਅਤ ਯੂਨੀਅਨ ਦੇ ਭੰਗ ਹੋਣ ਤੋਂ ਬਾਅਦ ਯੂਕਰੇਨ ਤੇ ਰੂਸ ਦੋਵੇਂ ਪ੍ਰਭੂਸੱਤਾ ਸੰਪੰਨ ਰਾਜ ਬਣ ਗਏ। ਇਹ ਸ਼ੀਤ ਯੁੱਧ ਦਾ ਦੌਰ ਸੀ। ਇਸ ਸਮੇਂ ਦੌਰਾਨ ਸੋਵੀਅਤ ਯੂਨੀਅਨ ਤੇ ਅਮਰੀਕਾ ਵਿਚਾਲੇ ਤਣਾਅ ਆਪਣੇ ਸਿਖਰ ’ਤੇ ਸੀ। ਸੋਵੀਅਤ ਯੂਨੀਅਨ ਦੇ ਭੰਗ ਹੋਣ ਤੋਂ ਬਾਅਦ ਇਸ ਤੋਂ ਵੱਖ ਹੋਏ ਰਾਜਾਂ ਨੇ ਆਪਣੀ ਸੁਤੰਤਰ ਵਿਦੇਸ਼ ਨੀਤੀ ਨੂੰ ਸਵੀਕਾਰ ਕਰ ਲਿਆ। ਹਾਲਾਂਕਿ ਸੋਵੀਅਤ ਯੂਨੀਅਨ ਦੇ ਭੰਗ ਹੋਣ ਤੋਂ ਬਾਅਦ ਵੀ ਰੂਸ ਤੇ ਅਮਰੀਕਾ ਦੇ ਰਿਸ਼ਤੇ ਬਹੁਤੇ ਸੁਹਿਰਦ ਨਹੀਂ ਸਨ। ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ’ਚ ਤਣਾਅ ਪੈਦਾ ਹੋ ਗਿਆ ਸੀ। ਦੂਜੇ ਪਾਸੇ ਯੂਰਪ ਦੇ ਨਾਲ ਲੱਗਦੇ ਆਜ਼ਾਦ ਰਾਜ ਪੱਛਮੀ ਦੇਸ਼ਾਂ ਤੇ ਅਮਰੀਕਾ ਦੇ ਨੇੜੇ ਆ ਗਏ। ਰੂਸ ਨੂੰ ਸੋਵੀਅਤ ਯੂਨੀਅਨ ਤੋਂ ਆਜ਼ਾਦ ਹੋਏ ਰਾਜਾਂ ਨਾਲ ਯੂਰਪੀ ਦੇਸ਼ਾਂ ਤੇ ਅਮਰੀਕਾ ਦੀ ਨੇੜਤਾ ਪਸੰਦ ਨਹੀਂ ਸੀ।

ਯੂਕਰੇਨ ਆਜ਼ਾਦੀ ਤੋਂ ਬਾਅਦ ਯੂਰਪੀ ਸੰਘ ਦੇ ਨੇੜੇ ਆ ਗਿਆ। ਯੂਕਰੇਨ ਦੀ ਯੂਰਪੀ ਸੰਘ ਨਾਲ ਨੇੜਤਾ ਕਦੇ ਵੀ ਰੂਸ ਨੂੰ ਚੰਗੀ ਨਹੀਂ ਲੱਗੀ। ਇੰਨਾ ਹੀ ਨਹੀਂ 2014 ਤੋਂ ਯੂਕਰੇਨ ਅਮਰੀਕਾ ਦੀ ਅਗਵਾਈ ਵਾਲੇ ਫ਼ੌਜੀ ਸੰਗਠਨ ਨਾਟੋ ਦਾ ਮੈਂਬਰ ਬਣਨਾ ਚਾਹੁੰਦਾ ਹੈ। ਨਾਟੋ ਤੇ ਯੂਕਰੇਨ ਦੀ ਨੇੜਤਾ ਨੇ ਰੂਸ ਦੀ ਚਿੰਤਾ ਵਧਾ ਦਿੱਤੀ ਹੈ। ਰੂਸ ਕਦੇ ਨਹੀਂ ਚਾਹੁੰਦਾ ਕਿ ਨਾਟੋ ਨੂੰ ਉਸ ਦੀਆਂ ਸਰਹੱਦਾਂ ਤਕ ਪਹੁੰਚੇ। ਰੂਸ ਇਸ ਗੱਲ ਤੋਂ ਵੀ ਨਾਰਾਜ਼ ਹੈ ਕਿ ਯੂਕਰੇਨ ਕਾਰਨ ਅਮਰੀਕੀ ਫ਼ੌਜ ਤੇ ਨਾਟੋ ਮੈਂਬਰ ਦੇਸ਼ ਉਸ ਦੀ ਸਰਹੱਦ ’ਤੇ ਪਹੁੰਚ ਰਹੇ ਹਨ। ਰੂਸ ਇਸ ਨੂੰ ਵੱਡੇ ਖ਼ਤਰੇ ਵਜੋਂ ਦੇਖਦਾ ਹੈ।

ਖ਼ਾਸ ਗੱਲ ਇਹ ਹੈ ਕਿ ਯੂਕਰੇਨ ਤੇ ਰੂਸ ਦੀ ਸਰਹੱਦ ਇੱਕ ਦੂਜੇ ਨਾਲ ਮਿਲਦੀ ਹੈ। ਅਜਿਹੇ ’ਚ ਸਰਹੱਦ ’ਤੇ ਨਾਟੋ ਤੇ ਅਮਰੀਕਾ ਦੀ ਆਵਾਜਾਈ ਰੂਸ ਦੀ ਸੁਰੱਖਿਆ ਲਈ ਖ਼ਤਰਾ ਹੈ।

ਕੁਲ ਮਿਲਾ ਕੇ ਇਹ ਖੁਦ ਨੂੰ ਦੁਨੀਆ ਦੀ ਮਹਾਂਸ਼ਕਤੀ ਸਾਬਿਤ ਕਰਨ ਦੀ ਲੜਾਈ ਹੈ। … ਰੂਸ ਦੁਨੀਆ ਤੇ ਆਪਣਾ ਦਬਦਬਾ ਕਾਇਮ ਰੱਖਣਾ ਚਾਹੁੰਦਾ ਹੈ,.. ਦੁਨੀਆ ਦੀ ਮਹਾਂਸ਼ਕਤੀ ਬਣਨ ਦੀ ਇਸ ਦੌੜ ਵਿਚ ਹੋਰ ਕਿੰਨਾ ਖੂਨ ਡੁੱਲੇਗਾ ਇਹ ਤਾਂ ਇਸ ਜੰਗ ਦੇ ਨਤੀਜੇ ਹੀ ਦੱਸਣਗੇ