ਕੇਜਰੀਵਾਲ-ਭਗਵੰਤ ਮਾਨ ਪੁੱਜੇ ਹਿਮਾਚਲ ,ਭਾਜਪਾ ਦੇ ਗੜ੍ਹ ‘ਚ ਕੀਤਾ ਰੋਡ ਸ਼ੋਅ

ਮੰਡੀ- ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਬਨਾਉਣ ਤੋਂ ਬਾਅਦ ਹੁਣ ਕੇਜਰੀਵਾਲ ਦੀ ਨਜ਼ਰ ਹਿਮਾਚਲ ਪ੍ਰਦੇਸ਼ ‘ਤੇ ਹੈ ।ਕੇਜਰੀਵਾਲ ਵਲੋਂ ਬੁੱਧਵਾਰ ਨੂੰ ਹਿਮਾਚਲ ਦੇ ਮੰਡੀ ਚ ਰੋਡ ਸ਼ੋਅ ਕੀਤਾ ਗਿਆ ।ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਉਨ੍ਹਾਂ ਨਾਲ ਸਨ । ਭਗਵੰਤ ਸਰਕਾਰ ਨੂੰ ਪ੍ਰੌਜੈਕਟ ਕਰਦਿਆਂ ਹੋਇਆਂ ਕੇਜਰੀਵਾਲ ਨੇ ਹਿਮਾਚਲ ਵਾਸੀਆਂ ਤੋਂ ਇੱਕ ਮੌਕਾ ਮੰਗਿਆ ਹੈ ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਿਮਾਚਲ ਪੁੱਜ ਕੇ ਸਥਾਣਕ ਨੇਾਵਾਂ ਨਾਲ ਬੈਠਕ ਕੀਤੀ ।ਇਸ ਉਪਰੰਤ ਦੋਹਾਂ ਨੇਤਾਵਾਂ ਵਲੋਂ ਮੰਡੀ ਚ ਵਿਸ਼ਾਲ ਰੋਡ ਸ਼ੋਅ ਕੀਤਾ ਗਿਆ ।ਸੜਕਾਂ ਦੇ ਦੋਹਾਂ ਕਿਨਾਰੇ ਖੜੇ ਲੋਕਾਂ ਨੇ ‘ਆਪ’ ਦੀ ਤਿਰੰਗਾ ਯਾਤਰਾ ਦਾ ਭਰਵਾਂ ਸਵਾਗਤ ਕੀਤਾ ।

ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਚ ‘ਆਪ’ ਦੀ ਸਰਕਾਰ ਬਣਦਿਆਂ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਸਿਰਫ 20 ਦਿਨਾਂ ਚ ਭ੍ਰਿਸ਼ਟਾਚਾਰ ਨੂੰ ਖਤਮ ਕਰ ਦਿੱਤਾ ਹੈ ।‘ਆਪ’ ਸੁਪਰੀਮੋ ਨੇ ਕਿਹਾ ਕਿ ਹਿਮਾਚਲੀਆਂ ਦੇ ਸਹਿਯੋਗ ਨਾਲ ਉਹ ਇਸ ਸੂਬੇ ਚੋਂ ਵੀ ਭ੍ਰਿਸ਼ਟਾਚਾਰ ਖਤਮ ਕਰ ਦੇਣਗੇ ।

ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੀ ਜਨਤਾ ਨੇ ਆਮ ਉਮੀਦਵਾਰਾਂ ਨੂੰ ਵੋਟ ਦੇ ਕੇ ਬਾਦਲ ,ਮਜੀਠੀਆ ,ਚੰਨੀ ਅਤੇ ਸਿੱਧੂ ਵਰਗੇ ਦਿੱਗਜ ਹਰਾ ਦਿੱਤੇ । ਉਨ੍ਹਾਂ ਕਿਹਾ ਕਿ ਹੁਣ ਹਿਮਾਚਲ ਦਾ ਆਮ ਨਾਗਰਿਕ ਹੀ ਮੁੱਖ ਮੰਤਰੀ ਬਣ ਹਿਮਾਚਲ ਦੀ ਸੇਵਾ ਕਰੇਗਾ ।