ਗਰਮੀ ਤੋਂ ਮਿਲੇਗੀ ਰਾਹਤ , ਤੇਜ਼ ਹਨੇਰੀ ਨਾਲ ਪਵੇਗੀ ਬਰਸਾਤ

ਜਲੰਧਰ- ਜੂਨ ਮਹੀਨੇ ਦੀ ਤਪਦੀ ਗਰਮੀ ਤੋਂ ਰਾਹਤ ਮਿਲਣ ਵਾਲੀ ਹੈ ।ਅਗਲੇ 24 ਘੰਟਿਆਂ ‘ਚ ਮੌਸਮ ‘ਚ ਬਦਲਾਅ ਦੀ ਸੰਭਾਵਨਾ ਹੈ। ਪੰਜਾਬ ‘ਚ ਜੂਨ ਦੇ ਪਹਿਲੇ 10 ਦਿਨ ਸੁੱਕੇ ਨਿਕਲ ਗਏ। ਕੁਝ ਜ਼ਿਲ੍ਹਿਆਂ ਨੂੰ ਛੱਡ ਕੇ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ‘ਚ ਮੀਂਹ ਨਹੀਂ ਪਿਆ। ਮੌਸਮ ਕੇਂਦਰ ਚੰਡੀਗੜ੍ਹ ਅਨੁਸਾਰ ਪੰਜਾਬ ‘ਚ ਆਮ ਤੌਰ ‘ਤੇ ਜੂਨ ਮਹੀਨੇ ਵਿੱਚ 8.2 ਮਿਲੀਮੀਟਰ ਮੀਂਹ ਪੈਂਦਾ ਹੈ, ਜਦੋਂਕਿ ਹੁਣ ਤਕ ਸਿਰਫ਼ 0.1 ਫ਼ੀਸਦੀ ਹੀ ਮੀਂਹ ਪਿਆ ਹੈ। ਅੰਮ੍ਰਿਤਸਰ ਤੇ ਤਰਨਤਾਰਨ ਨੂੰ ਛੱਡ ਕੇ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ‘ਚ ਮੀਂਹ ਨਹੀਂ ਪਿਆ। ਮੀਂਹ ਨਾ ਪੈਣ ਕਾਰਨ ਫ਼ਸਲਾਂ ’ਤੇ ਅਸਰ ਪੈ ਰਿਹਾ ਹੈ।

ਚੰਡੀਗੜ੍ਹ ਮੌਸਮ ਵਿਭਾਗ ਕੇਂਦਰ ਨੇ ਇਕ ਵਾਰ ਫਿਰ ਚੰਡੀਗੜ੍ਹ ਸਮੇਤ ਟ੍ਰਾਈਸਿਟੀ ‘ਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਵਿਭਾਗ ਅਨੁਸਾਰ 15 ਜੂਨ ਨੂੰ ਸ਼ਹਿਰ ‘ਚ ਬੱਦਲ ਛਾਏ ਰਹਿਣਗੇ ਅਤੇ 16-17 ਜੂਨ ਨੂੰ ਮੀਂਹ ਪਵੇਗਾ। ਇਸ ਦੌਰਾਨ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਨੇਰੀ ਵੀ ਚੱਲੇਗੀ। ਮੌਸਮ ਵਿਭਾਗ ਨੇ ਅੱਜ ਪੰਜਾਬ ‘ਚ ਕੁਝ ਥਾਵਾਂ ‘ਤੇ ਹਲਕੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ। ਇਸ ਤੋਂ ਬਾਅਦ 15, 16 ਤੇ 17 ਨੂੰ ਸੂਬੇ ਦੇ ਕਈ ਜ਼ਿਲ੍ਹਿਆਂ ‘ਚ ਭਾਰੀ ਮੀਂਹ ਪਵੇਗਾ। ਇਸ ਦੇ ਨਾਲ ਹੀ ਹਰਿਆਣਾ ‘ਚ ਵੀ ਮੌਸਮ ਦਾ ਇਹੀ ਹਾਲ ਰਹਿਣ ਵਾਲਾ ਹੈ। ਚੰਡੀਗੜ੍ਹ ਸਮੇਤ ਇਨ੍ਹਾਂ ਦੋਵਾਂ ਸੂਬਿਆਂ ‘ਚ ਅਗਲੇ ਤਿੰਨ ਦਿਨਾਂ ਦੌਰਾਨ ਵੱਧ ਤੋਂ ਵੱਧ ਤਾਪਮਾਨ ‘ਚ 2-3 ਡਿਗਰੀ ਸੈਲਸੀਅਸ ਦੀ ਗਿਰਾਵਟ ਦੇਖਣ ਨੂੰ ਮਿਲੇਗੀ।

ਸਬਜ਼ੀਆਂ ਤੇ ਫਲਾਂ ਦੀਆਂ ਫ਼ਸਲਾਂ ਸੋਕੇ ਦੀ ਲਪੇਟ ‘ਚ ਹਨ। ਇਸ ਦੇ ਨਾਲ ਹੀ ਝੋਨੇ ਦੀ ਬਿਜਾਈ ਵੀ ਪ੍ਰਭਾਵਿਤ ਹੋ ਰਹੀ ਹੈ। ਉਂਜ ਮੌਸਮ ਕੇਂਦਰ ਚੰਡੀਗੜ੍ਹ ਦੀ ਭਵਿੱਖਬਾਣੀ ਦੀ ਮੰਨੀਏ ਤਾਂ ਮੰਗਲਵਾਰ ਤੋਂ ਮੌਸਮ ਬਦਲ ਜਾਵੇਗਾ। ਬੱਦਲ ਬੁੱਧਵਾਰ ਤੋਂ ਪੰਜਾਬ ‘ਚ ਡੇਰਾ ਲਾਉਣਗੇ ਤੇ ਤੇਜ਼ ਹਵਾਵਾਂ ਚੱਲਣਗੀਆਂ। ਹਵਾਵਾਂ ਦੀ ਰਫ਼ਤਾਰ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ। ਇਸ ਤੋਂ ਬਾਅਦ 18 ਜੂਨ ਤਕ ਪੰਜਾਬ ‘ਚ ਹਨੇਰੀ, ਬੱਦਲਵਾਈ ਤੇ ਤੇਜ਼ ਹਵਾਵਾਂ ਵਿਚਾਲੇ ਮੀਂਹ ਪੈਣ ਦੀ ਸੰਭਾਵਨਾ ਹੈ। ਵਿਭਾਗ ਦੀ ਭਵਿੱਖਬਾਣੀ ਮੁਤਾਬਕ ਹੁਣ ਤਾਪਮਾਨ ਵੀ ਹੇਠਾਂ ਆਵੇਗਾ ਅਤੇ ਗਰਮੀ ਤੋਂ ਰਾਹਤ ਮਿਲੇਗੀ।