ਪੰਜਾਬ ‘ਚ ਠੰਢ ਦਾ ਕਹਿਰ ਜਾਰੀ, ਬਠਿੰਡਾ ਦਾ ਤਾਪਮਾਨ 2 ਡਿਗਰੀ ਕੀਤਾ ਰਿਕਾਰਡ, ਹਰਿਆਣਾ ‘ਚ ਦੋ ਦਿਨ ਬਾਰਸ਼ ਦੇ ਅਸਾਰ

ਜਲੰਧਰ – ਪੰਜਾਬ ‘ਚ ਠੰਢ ਦਾ ਕਹਿਰ ਜਾਰੀ ਹੈ। ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਸੋਮਵਾਰ ਨੂੰ ਸੰਘਣੀ ਧੁੰਦ ਦੇ ਨਾਲ ਕੜਾਕੇ ਦੀ ਠੰਡ ਪੈ ਗਈ। ਇਸ ਕਾਰਨ ਕਈ ਸ਼ਹਿਰਾਂ ਦਾ ਘੱਟੋ-ਘੱਟ ਤਾਪਮਾਨ ਡਿੱਗ ਗਿਆ ਹੈ। ਬਠਿੰਡਾ ਵਿੱਚ ਸੋਮਵਾਰ ਰਾਤ ਪਾਰਾ 2 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ‘ਚ ਮੰਗਲਵਾਰ ਨੂੰ ਵੀ ਠੰਢ ਦਾ ਪ੍ਰਕੋਪ ਜਾਰੀ ਰਹੇਗਾ। ਇਸ ਦੌਰਾਨ ਦਿਨ ਭਰ ਸੰਘਣੀ ਧੁੰਦ ਛਾਈ ਰਹਿਣ ਦੀ ਸੰਭਾਵਨਾ ਹੈ। ਨਾਲ ਹੀ ਬੁੱਧਵਾਰ ਤੋਂ ਸੂਬੇ ਦੇ ਕਈ ਇਲਾਕਿਆਂ ‘ਚ ਮੀਂਹ ਪੈਣ ਦੀ ਸੰਭਾਵਨਾ ਹੈ।

ਪੰਜਾਬ ਦੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ ਤੋਂ ਇਲਾਵਾ ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ ਅਤੇ ਜਲੰਧਰ ਜ਼ਿਲਿਆਂ ‘ਚ ਕੁਝ ਥਾਵਾਂ ‘ਤੇ ਮੀਂਹ ਪੈ ਸਕਦਾ ਹੈ। ਇਹ ਸਿਲਸਿਲਾ 13 ਜਨਵਰੀ ਤੱਕ ਜਾਰੀ ਰਹੇਗਾ। ਦੂਜੇ ਪਾਸੇ ਪੱਛਮੀ ਮਾਲਵਾ ਖੇਤਰ ਦੇ ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ ਜ਼ਿਲ੍ਹਿਆਂ ਵਿੱਚ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ।

ਜਾਣੋ ਹਰਿਆਣਾ ਦੇ ਮੌਸਮ ਦੇ ਹਾਲ

ਹਰਿਆਣਾ ‘ਚ ਕਮਜ਼ੋਰ ਸ਼੍ਰੇਣੀ ਦਾ ਵੈਸਟਰਨ ਡਿਸਟਰਬੈਂਸ ਸਰਗਰਮ ਹੋ ਰਿਹਾ ਹੈ। ਦੱਸ ਦਈਏ ਕਿ ਕਮਜ਼ੋਰ ਸ਼੍ਰੇਣੀ ਦਾ ਵੈਸਟਰਨ ਡਿਸਟਰਬੈਂਸ 8 ਜਨਵਰੀ ਨੂੰ ਐਕਟਿਵ ਹੋਇਆ ਸੀ। ਇਸ ਦੇ ਪ੍ਰਭਾਵ ਹੇਠ ਕੁਝ ਥਾਵਾਂ ‘ਤੇ ਅੰਸ਼ਕ ਤੌਰ ‘ਤੇ ਬੱਦਲਵਾਈ ਰਹੀ। ਇਸ ਤੋਂ ਇਲਾਵਾ ਦਿਨ ਅਤੇ ਰਾਤ ਦੇ ਤਾਪਮਾਨ ਵਿੱਚ ਮਾਮੂਲੀ ਵਾਧਾ ਦਰਜ ਕੀਤਾ ਗਿਆ।

ਉਧਰ ਜੇਕਰ ਮੌਸਮ ਮਾਹਿਰ ਮੁਤਾਬਕ ਮੰਗਲਵਾਰ ਤੋਂ ਇੱਕ ਹੋਰ ਪੱਛਮੀ ਗੜਬੜੀ ਸਰਗਰਮ ਹੋਵੇਗੀ ਤੇ ਇਹ ਪਹਿਲਾਂ ਨਾਲੋਂ ਜ਼ਿਆਦਾ ਪ੍ਰਭਾਵੀ ਹੋਵੇਗਾ। ਸੂਬੇ ਦੇ ਅੰਬਾਲਾ ‘ਚ ਵਿਜ਼ੀਬਿਲਟੀ 25 ਮੀਟਰ ਅਤੇ ਹਿਸਾਰ ਤੇ ਕਰਨਾਲ ਵਿੱਚ 50 ਮੀਟਰ ਰਹੀ। ਦਿੱਲੀ ਸਮੇਤ ਕਈ ਥਾਵਾਂ ‘ਤੇ ਵਿਜ਼ੀਬਿਲਟੀ ਜ਼ੀਰੋ ਰਹੀ।

ਪਿਛਲੇ ਕੁਝ ਦਿਨਾਂ ਤੋਂ ਸਰਗਰਮ ਕਮਜ਼ੋਰ ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ ਉੱਤਰੀ ਪਹਾੜੀ ਖੇਤਰਾਂ ਵਿੱਚ ਬਰਫ਼ਬਾਰੀ ਜਾਰੀ ਰਹੀ ਪਰ ਸਮੁੱਚੇ ਮੈਦਾਨੀ ਸੂਬਿਆਂ ‘ਚ ਮੌਸਮ ਖੁਸ਼ਕ ਰਿਹਾ। ਇਸ ਪੱਛਮੀ ਗੜਬੜ ਦਾ ਬਹੁਤਾ ਅਸਰ ਵੇਖਣ ਨੂੰ ਨਹੀਂ ਮਿਲਿਆ। ਹਾਲਾਂਕਿ, ਸੋਮਵਾਰ ਨੂੰ ਕੁਝ ਥਾਵਾਂ ‘ਤੇ ਅੰਸ਼ਕ ਤੌਰ ‘ਤੇ ਬੱਦਲ ਛਾਏ ਰਹੇ। ਇਸ ਕਾਰਨ ਕੁਝ ਥਾਵਾਂ ‘ਤੇ ਧੁੰਦ ਤੋਂ ਆਮ ਲੋਕਾਂ ਨੂੰ ਰਾਹਤ ਮਿਲੀ, ਜਦਕਿ ਕੁਝ ਥਾਵਾਂ ‘ਤੇ ਸੰਘਣੀ ਧੁੰਦ ਛਾਈ ਰਹੀ।

ਇਸ ਦੌਰਾਨ ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ ਵਿੱਚ ਵੀ ਵਾਧਾ ਦਰਜ ਕੀਤਾ ਗਿਆ। ਸੋਮਵਾਰ ਨੂੰ ਸੂਬੇ ‘ਚ ਘੱਟੋ-ਘੱਟ ਤਾਪਮਾਨ 2 ਤੋਂ 9 ਡਿਗਰੀ ਦੇ ਵਿਚਕਾਰ ਦਰਜ ਕੀਤਾ ਗਿਆ, ਜਦਕਿ ਐਤਵਾਰ ਨੂੰ ਇਹ 1.0 ਤੋਂ 5.0 ਡਿਗਰੀ ਦੇ ਵਿਚਕਾਰ ਸੀ। ਇਸ ਦੇ ਨਾਲ ਹੀ ਵੱਧ ਤੋਂ ਵੱਧ ਤਾਪਮਾਨ 11.0 ਤੋਂ 21.4 ਡਿਗਰੀ ਰਿਹਾ, ਜਦੋਂ ਕਿ ਐਤਵਾਰ ਨੂੰ ਇਹ 11.0 ਤੋਂ 19.0 ਡਿਗਰੀ ਦੇ ਵਿਚਕਾਰ ਸੀ।

ਜਾਣੋ ਆਉਣ ਵਾਲੇ ਦਿਨਾਂ ‘ਚ ਕਿਹੋ ਜਿਹਾ ਰਹੇਗਾ ਮੌਸਮ

ਮੌਸਮ ਵਿਗਿਆਨੀ ਡਾ: ਚੰਦਰਮੋਹਨ ਨੇ ਦੱਸਿਆ ਕਿ ਮੰਗਲਵਾਰ ਅਤੇ ਫਿਰ ਵੀਰਵਾਰ ਨੂੰ ਪੱਛਮੀ ਗੜਬੜੀ ਦੇ ਇੱਕ ਤੋਂ ਬਾਅਦ ਇੱਕ ਵੈਸਟਰਨ ਡਿਸਟਰਬੈਂਸ ਸਰਗਰਮ ਹੋਣ ਕਾਰਨ ਮੈਦਾਨੀ ਸੂਬਿਆਂ ਵਿੱਚ ਮੌਸਮ ਵਿੱਚ ਤਬਦੀਲੀ ਆਵੇਗੀ। ਇਸ ਪ੍ਰਭਾਵ ਕਾਰਨ ਇਲਾਕੇ ਦਾ ਤਾਪਮਾਨ 2 ਤੋਂ 5 ਡਿਗਰੀ ਤੱਕ ਵਧ ਜਾਵੇਗਾ ਅਤੇ ਸਮੁੱਚੇ ਇਲਾਕੇ ਨੂੰ ਕੜਾਕੇ ਦੀ ਠੰਢ ਤੋਂ ਰਾਹਤ ਮਿਲੇਗੀ।

ਇਸ ਦੌਰਾਨ 12 ਅਤੇ 13 ਜਨਵਰੀ ਨੂੰ ਪੂਰੇ ਖੇਤਰ ‘ਤੇ ਬੱਦਲ ਛਾਏ ਰਹਿਣ ਦੇ ਨਾਲ-ਨਾਲ ਪੰਜਾਬ ਨਾਲ ਲੱਗਦੇ ਹਰਿਆਣਾ ਦੇ ਕੁਝ ਹਿੱਸਿਆਂ ‘ਚ ਹਲਕੀ ਬਾਰਿਸ਼ ਅਤੇ ਬੂੰਦਾਬਾਂਦੀ ਅਤੇ ਬਾਕੀ ਹਰਿਆਣਾ, ਐੱਨਸੀਆਰ ਤੇ ਦਿੱਲੀ ‘ਚ ਸੀਮਤ ਥਾਵਾਂ ‘ਤੇ ਬਾਰਿਸ਼ ਹੋਣ ਦੀ ਸੰਭਾਵਨਾ ਹੈ।