ਪੰਜਾਬ ਫੇਰੀ ਤੋਂ ਪਹਿਲਾਂ ਅੱਜ ਸ਼੍ਰੀ ਹਰਿਮੰਦਿਰ ਸਾਹਿਬ ਨਤਮਸਤਕ ਹੋਣਗੇ ਰਾਹੁਲ ਗਾਂਧੀ

ਅੰਮ੍ਰਿਤਸਰ – ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ । ਰਾਹੁਲ ਗਾਂਧੀ ਹਰਿਆਣਾ ਤੋਂ ਬਾਅਦ ਆਪਣੀ ਯਾਤਰਾ ਨੂੰ ਲੈ ਕੇ ਪੰਜਾਬ ਜਾਣਗੇ । ਉਥੇ ਉਹ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਪੈਦਲ ਯਾਤਰਾ ਦੀ ਸ਼ੁਰੂਆਤ ਕਰਨਗੇ । ਅੱਜ ਹਰਿਆਣਾ ਦੇ ਅੰਬਾਲਾ ਵਿੱਚ ਆਪਣੀ ਯਾਤਰਾ ਪੂਰੀ ਕਰਨਗੇ । ਇਸ ਤੋਂ ਬਾਅਦ ਸਵੇਰੇ 11:15 ਵਜੇ ਵਿਸ਼ੇਸ਼ ਜਹਾਜ਼ ਰਾਹੀਂ ਰਾਹੁਲ ਅੰਮ੍ਰਿਤਸਰ ਜਾਣਗੇ । ਉਥੇ ਉਹ 12 ਵਜੇ ਤੋਂ ਬਾਅਦ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣਗੇ।

ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਰਾਹੁਲ ਸ਼ਾਮ 4 ਵਜੇ ਅੰਬਾਲਾ ਪਰਤਣਗੇ । ਫਿਰ 11 ਜਨਵਰੀ ਦੀ ਸਵੇਰ ਨੂੰ ਦਿੱਲੀ-ਅੰਮ੍ਰਿਤਸਰ NH-1 ‘ਤੇ ਸ਼ੰਭੂ ਬਾਰਡਰ ਤੋਂ ਪੰਜਾਬ ਵਿੱਚ ਉਨ੍ਹਾਂ ਦੀ ਭਾਰਤ ਜੋੜੋ ਯਾਤਰਾ ਦਾਖਲ ਹੋਵੇਗੀ । ਪਹਿਲੀ ਰਾਤ ਰਾਹੁਲ ਸਰਹਿੰਦ ਵਿੱਚ ਰੁਕਣਗੇ । ਸ਼ਾਇਦ ਅਜਿਹਾ ਇਸ ਲਈ ਕਰਨਾ ਪੈ ਰਿਹਾ ਹੈ ਕਿਉਂਕਿ ਰਾਹੁਲ ਦੀ ਯਾਤਰਾ ਵਿੱਚ ਅੰਮ੍ਰਿਤਸਰ ਦਾ ਕੋਈ ਰੂਟ ਨਹੀਂ ਹੈ।

ਕਾਂਗਰਸੀ ਵਰਕਰਾਂ ਅਤੇ ਸਥਾਨਕ ਨੇਤਾਵਾਂ ਦੇ ਨਾਲ ਰਾਹੁਲ ਗਾਂਧੀ ਦੀ ਯਾਤਰਾ ਜਲੰਧਰ ਆਦਮਪੁਰ ਹੁੰਦੇ ਹੋਏ ਪਠਾਨਕੋਟ ਵੱਲੋਂ ਜੰਮੂ-ਕਸ਼ਮੀਰ ਵਿੱਚ ਪ੍ਰਵੇਸ਼ ਕਰੇਗੀ । ਦੱਸ ਦੇਈਏ ਕਿ ਪੰਜਾਬ ਦੀ ਕੋਈ ਵੀ ਸਿਆਸੀ ਸਫ਼ਰ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ ਬਿਨ੍ਹਾਂ ਪੂਰੀ ਨਹੀਂ ਹੁੰਦੀ, ਇਸ ਲਈ ਰਾਹੁਲ ਗਾਂਧੀ ਨੇ ਵੀ ਪੰਜਾਬ ਦੀ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਜਾਣ ਦਾ ਫੈਸਲਾ ਕੀਤਾ ਹੈ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਰਾਹੁਲ ਗਾਂਧੀ ਦੀ ਯਾਤਰਾ ਐਤਵਾਰ ਨੂੰ ਕਰਨਾਲ ਤੋਂ ਕੁਰੂਕਸ਼ੇਤਰ ਜ਼ਿਲ੍ਹੇ ਵਿੱਚ ਦਾਖ਼ਲ ਹੋਈ ਸੀ । ਇਸ ਵਿੱਚ ਵੱਡੀ ਗਿਣਤੀ ਵਿੱਚ ਲੋਕ ਸ਼ਾਮਿਲ ਹੋਏ । ਸੋਮਵਾਰ ਨੂੰ ਸਵੇਰੇ ਖਾਨਪੁਰ ਕੋਲੀਆਂ ਤੋਂ ਇਹ ਯਾਤਰਾ ਚੱਲ ਕੇ ਸ਼ਾਮ ਨੂੰ ਅੰਬਾਲਾ ਪਹੁੰਚੀ । ਅੰਬਾਲਾ ਵਿੱਚ ਇੱਕ ਨੁੱਕੜ ਮੀਟਿੰਗ ਨੂੰ ਸੰਬੋਧਿਤ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਸੋਮਵਾਰ ਦਾ ਮਾਰਚ ਮਹਿਲਾਵਾਂ ਨੂੰ ਸਮਰਪਿਤ ਹੈ ।