ਭਾਰਤ-ਕੈਨੇਡਾ ਵਿਵਾਦ ’ਤੇ ਜੈਸ਼ੰਕਰ ਦਾ ਬਿਆਨ, ਕਿਹਾ- ਕੂਟਨੀਤੀ ਲਈ ਅਜੇ ਵੀ ਹੈ ਥਾਂ

New Delhi- ਸਿੱਖ ਵੱਖਵਾਦੀ ਨੇਤਾ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਨੂੰ ਲੈ ਕੇ ਵਿਗੜੇ ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ’ਤੇ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਹੈ ਕਿ ਦੋਹਾਂ ਦੇ ਵਿਚਾਲੇ ਰਿਸ਼ਤੇ ਆਮ ਹੋ ਸਕਦੇ ਹਨ। ਇੱਕ ਅੰਗਰੇਜ਼ੀ ਅਖ਼ਬਾਰ ਦੇ ਸੰਮੇਲਨ ਦੌਰਾਨ ਬੋਲਦਿਆਂ ਜੈਸ਼ੰਕਰ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਕੂਟਨੀਤੀ ਲਈ ਥਾਂ ਹੈ। ਮੈਨੂੰ ਪਤਾ ਹੈ ਕਿ ਕੈਨੇਡਾ ਦੇ ਵਿਦੇਸ਼ ਮੰਤਰੀ ਨੇ ਵੀ ਇਹੀ ਕਿਹਾ ਹੈ, ਇਸ ਲਈ ਅਸੀਂ ਲਗਾਤਾਰ ਸੰਪਰਕ ’ਚ ਹਾਂ।
ਵਿਦੇਸ਼ ਮੰਤਰੀ ਨੇ ਕਿਹਾ, ‘‘ਮੈਨੂੰ ਪੂਰੀ ਉਮੀਦ ਹੈ ਕਿ ਅਸੀਂ ਇੱਕ ਰਸਤਾ ਲੱਭ ਲਵਾਂਗੇ। ਪ੍ਰਭੂਸੱਤਾ, ਸੰਵੇਦਨਸ਼ੀਲਤਾ ਇਹ ਇੱਕਪਾਸੜ ਰਸਤੇ ਨਹੀਂ ਹੋ ਸਕਦੇ। ਉਨ੍ਹਾਂ ਦੀਆਂ ਆਪਣੀਆਂ ਚਿੰਤਾਵਾਂ ਹੋ ਸਕਦੀਆਂ ਹਨ। ਮੈਂ ਕਦੇ ਵੀ ਕਿਸੇ ਵੀ ਦੇਸ਼ ਨੂੰ ਇਹ ਨਹੀਂ ਕਿਹਾ ਕਿ ਮੈਂ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਲੈ ਕੇ ਉਨ੍ਹਾਂ ਨਾਲ ਗੱਲ ਕਰਨ ਲਈ ਤਿਆਰ ਨਹੀਂ ਹਾਂ।’’
ਜੈਸ਼ੰਕਰ ਨੇ ਕਿਹਾ, ‘‘ਪਰ ਅਜਿਹਾ ਨਹੀਂ ਹੋ ਸਕਦਾ ਕਿ ਗੱਲਬਾਤ ਨਾਲ ਮੇਰੀਆਂ ਚਿੰਤਾਵਾਂ ਅਤੇ ਮੇਰੀਆਂ ਸੰਵੇਦਨਾਵਾਂ ਨੂੰ ਪੂਰੀ ਤਰ੍ਹਾਂ ਨਾਲ ਖਾਰਜ ਕਰ ਦੇਣ।’’ ਐੱਸ. ਜੈਸ਼ੰਕਰ ਨੇ ਕਿਹਾ ਕਿ ਭਾਰਤ ਸਮੇਤ ਅਜਿਹੇ ਕਈ ਦੇਸ਼ ਹਨ, ਜਿੱਥੇ ਭਾਸ਼ਣ ਅਤੇ ਵਿਚਾਰ ਪ੍ਰਗਟ ਕਰਨ ਦੀ ਸੁਤੰਤਰਤਾ ਹੈ ਪਰ ਇਹ ਹਿੰਸਾ ਅਤੇ ਧਮਕੀ ਦੀ ਵਕਾਲਤ ਕਰਨ ਜਾਂ ਵੱਖਵਾਦ, ਅੱਤਵਾਦ ਅਤੇ ਇਸ ਤੋਂ ਵੀ ਬੁਰਾ ਪ੍ਰਚਾਰ ਕਰਨ ਦਾ ਲਾਈਸੈਂਸ ਨਹੀਂ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਲਈ ਅਸੀਂ ਜਿਨ੍ਹਾਂ ਸਮੱਸਿਆਵਾਂ ਦਾ ਸਾਹਮਣਾ ਕੀਤਾ ਹੈ, ਉਹ ਅਸਲ ’ਚ ਇਹ ਹਨ ਕਿ ਅਸੀਂ ਅਜਿਹੀਆਂ ਗਤੀਵਿਧੀਆਂ ਦੇਖੀਆਂ ਹਨ, ਜਿਨ੍ਹਾਂ ਨੂੰ ਸੁਤੰਤਰਤਾ ਦੇ ਨਾਂ ’ਤੇ ਉੱਚਿਤ ਠਹਿਰਾਇਆ ਗਿਆ ਹੈ।