ਡੈਸਕ- ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਸਬੰਧੀ ਕਾਂਗਰਸ ਹਾਈਕਮਾਨ ਨੂੰ ਪੰਜਾਬ ਦੀ ਲੀਡਰਸ਼ਿਪ ਨੇ ਵੱਖਰੇ ਚੱਕਰਾਂ ‘ਚ ਪਾਇਆ ਹੋਇਆ ਹੈ। ਬੀਤੇ ਦਿਨ ਪੰਜਾਬ ਕਾਂਗਰਸ ਦੇ ਲੀਡਰਾਂ ਨੂੰ ਸਮਝਾਉਣ ਲਈ ਦਿੱਲੀ ਵਿੱਚ ਕਾਂਗਰਸ ਹਾਈਕਮਾਨ ਨੇ ਮੀਟਿੰਗ ਰੱਖੀ ਸੀ ਜਿਸ ਵਿੱਚ ਰਾਹੁਲ ਗਾਂਧੀ ਕਾਫ਼ੀ ਨਾਰਾਜ਼ ਅਤੇ ਸਖ਼ਤ ਲਹਿਜੇ ‘ਚ ਦਿਖਾਈ ਦਿੱਤੇ।
ਸੂਤਰਾਂ ਮੁਤਾਬਕ ਦਿੱਲੀ ਵਿਖੇ ਪੰਜਾਬ ਕਾਂਗਰਸ ਦੇ ਆਗੂਆਂ ਨਾਲ ਮੀਟਿੰਗ ਦੌਰਾਨ ਰਾਹੁਲ ਗਾਂਧੀ ਨੇ ਸਖ਼ਤ ਹਦਾਇਤਾਂ ਦਿੰਦਿਆਂ ਕਿਹਾ ਕਿ ਅਨੁਸ਼ਾਸਨਹੀਣਤਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਰਾਹੁਲ ਨੇ ਕਿਹਾ ਕਿ ਆਗੂਆਂ ਨੂੰ ਪਾਰਟੀ ਲੀਡਰਸ਼ਿਪ ਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ। ਹਲਾਂਕਿ ਮੀਟਿੰਗ ਵਿੱਚ ਰਾਹੁਲ ਗਾਂਧੀ ਨੇ ਕਿਸੇ ਦਾ ਨਾਂ ਨਹੀਂ ਲਿਆ ਪਰ ਸੂਤਰਾਂ ਦਾ ਦਾਅਵਾ ਹੈ ਕਿ ਉਨ੍ਹਾਂ ਦਾ ਨਿਸ਼ਾਨਾ ਨਵਜੋਤ ਸਿੰਘ ਸਿੱਧੂ ਸੀ।
ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਦਿੱਲੀ ‘ਚ ਸਿਆਸੀ ਮਾਮਲਿਆਂ ਦੀ ਕਮੇਟੀ ਦੀ ਬੈਠਕ ਬੁਲਾਈ ਸੀ। ਇਸ ਵਿਚ ਰਾਹੁਲ ਗਾਂਧੀ ਤੇ ਸੰਗਠਨ ਜਨਰਲ ਸਕੱਤਰ ਕੇਸੀ ਵੇਟਗੋਪਾਲ ਸਮੇਤ ਕਰੀਬ 30 ਪਾਰਟੀ ਆਗੂ ਸ਼ਾਮਲ ਸਨ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੇਵੇਂਦਰ ਯਾਦਵ ਨੇ ਕਿਹਾ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਸੰਗਠਨਾਤਮਕ ਵਿਸ਼ੇ ‘ਤੇ ਚਰਚਾ ਹੋਈ। ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਹਾਈਕਮਾਨ ਨੇ ਹਾਲੇ ਤੱਕ ਆਪ ਨਾਲ ਗੱਠਜੋੜ ਲਈ ਕੋਈ ਨਿਰਦੇਸ਼ ਨਹੀਂ ਦਿੱਤੇ।
ਗੱਠਜੋੜ ਨੂੰ ਲੈ ਕੇ ਪਾਰਟੀ ਆਗੂਆਂ ਨੇ ਨਿੱਜੀ ਰੂਪ ਨਾਲ ਹਾਈਕਮਾਨ ਦੇ ਸਾਹਮਣੇ ਆਪਣੀਆਂ ਗੱਲਾਂ ਰੱਖੀਆਂ, ਪਰ ਬੈਠਕ ਮੁੱਖ ਤੌਰ ਤੇ ਆਉਣ ਵਾਲੇ ਤਿੰਨ ਮਹੀਨਿਆਂ ‘ਚ ਪਾਰਟੀ ਦੇ ਕੰਮਕਾਜ ਨੂੰ ਲੈ ਕੇ ਸੀ।
ਉੱਥੇ, ਕਾਂਗਰਸ ਵਿਧਾਇਕ ਦਲ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ, ਬੈਠਕ ਬੰਦ ਕਮਰ ‘ਚ ਸੀ, ਇਸ ਲਈ ਬਹੁਤ ਸਾਰੀਆਂ ਗੱਲਾਂ ਦੱਸੀਆਂ ਨਹੀਂ ਜਾ ਸਕਦੀਆਂ, ਪਰ ਹਾਈਕਮਾਨ ਨੇ ਪੰਜਾਬ ਦੇ ਆਗੂਆਂ ਨੂੰ ਇਹ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਦੇ ਵਿਚਾਰਾਂ ਨੂੰ ਉਹ ਗੰਭੀਰਤਾ ਨਾਲ ਲੈਣਗੇ।