ਡੈਸਕ- ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਧੁੰਦ ਤੇ ਠੰਢ ਦਾ ਕਹਿਰ ਜਾਰੀ ਹੈ। ਮੌਸਮ ਵਿਭਾਗ ਨੇ ਪੰਜਾਬ ਤੇ ਹਰਿਆਣਾ ਵਿੱਚ ਧੁੰਦ ਦਾ ਅਲਰਟ ਜਾਰੀ ਕੀਤਾ ਹੈ। ਪੰਜਾਬ ਦੇ 17 ਤੇ ਹਰਿਆਣਾ ਦੇ 10 ਜ਼ਿਲ੍ਹਿਆਂ ਵਿੱਚ ਮੌਸਮ ਖ਼ਰਾਬ ਰਹੇਗਾ।
ਪੰਜਾਬ ਦੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨ ਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਫ਼ਤਿਹਗੜ੍ਹ ਸਾਹਿਬ, ਪਟਿਆਲਾ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਪੰਜਾਬ ਦਾ ਔਸਤ ਤਾਪਮਾਨ 8.3 ਡਿਗਰੀ ਘੱਟ ਦਰਜ ਕੀਤਾ ਗਿਆ। ਅੱਜ ਵੀ ਧੁੱਪ ਨਿਕਲਣ ਦੀ ਸੰਭਾਵਨਾ ਘੱਟ ਹੈ। ਹਰਿਆਣਾ ਦੇ ਅੰਬਾਲਾ, ਯਮੁਨਾਨਗਰ, ਕੁਰੂਕਸ਼ੇਤਰ, ਕਰਨਾਲ, ਸਿਰਸਾ, ਫਤਿਹਾਬਾਦ, ਹਿਸਾਰ, ਜੀਂਦ, ਭਿਵਾਨੀ ਤੇ ਚਰਖੀ ਦਾਦਰੀ ਵਿੱਚ ਮੀਂਹ ਪੈ ਸਕਦਾ ਹੈ। ਹਰਿਆਣਾ ਦਾ ਔਸਤ ਤਾਪਮਾਨ 6.1 ਡਿਗਰੀ ਘੱਟ ਦਰਜ ਕੀਤਾ ਗਿਆ।
ਸੰਘਣੀ ਧੁੰਦ ਕਾਰਨ ਕੱਲ੍ਹ ਚੰਡੀਗੜ੍ਹ ਵਿੱਚ ਕੁਝ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਸਨ। ਮਕਰ ਸੰਕ੍ਰਾਂਤੀ ਤੱਕ ਇੱਥੇ ਧੁੰਦ ਤੇ ਠੰਢੀਆਂ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਦੂਜੇ ਪਾਸੇ ਹਿਮਾਚਲ ‘ਚ ਕਾਂਗੜਾ, ਮੰਡੀ, ਸੋਲਨ ਤੇ ਸਿਰਮੌਰ ‘ਚ ਧੁੰਦ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਅਨੁਸਾਰ ਪੱਛਮੀ ਗੜਬੜੀ ਕਮਜ਼ੋਰ ਹੋ ਕੇ ਸਮੁੰਦਰੀ ਤਲ ਤੋਂ 3.1 ਕਿਲੋਮੀਟਰ ਉੱਪਰ ਉੱਤਰੀ ਪੰਜਾਬ ਤੇ ਆਸ-ਪਾਸ ਦੇ ਇਲਾਕਿਆਂ ਵਿੱਚ ਵਾਤਾਵਰਨ ਵਿੱਚ ਵਲੀਨ ਹੋ ਗਈ ਹੈ। ਇਸ ਦੇ ਨਾਲ ਹੀ ਹਰਿਆਣਾ ਤੇ ਆਸ-ਪਾਸ ਦੇ ਇਲਾਕਿਆਂ ‘ਚ ਪੱਛਮੀ ਗੜਬੜੀ ਚੱਕਰਵਾਤ ਦੇ ਰੂਪ ‘ਚ ਦੇਖੀ ਜਾ ਸਕਦੀ ਹੈ ਪਰ ਇਹ ਵੀ ਮੱਠੀ ਹੁੰਦੀ ਨਜ਼ਰ ਆ ਰਹੀ ਹੈ। ਇਸ ਕਾਰਨ ਹੀ ਕੱਲ੍ਹ ਮੀਂਹ ਨਹੀਂ ਪਿਆ।
ਮੌਸਮ ਵਿਭਾਗ ਵੱਲੋਂ ਚੰਡੀਗੜ੍ਹ ਵਿੱਚ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ। ਸ਼ਹਿਰ ਦਾ ਤਾਪਮਾਨ 6 ਤੋਂ 10 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ। ਰਾਤ ਦੇ ਤਾਪਮਾਨ ਵਿੱਚ ਗਿਰਾਵਟ ਆਵੇਗੀ। ਅੰਮ੍ਰਿਤਸਰ ਵਿੱਚ ਅੱਜ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਹੈ। ਤਾਪਮਾਨ 6 ਤੋਂ 14 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।
ਇਸੇ ਤਰ੍ਹਾਂ ਜਲੰਧਰ ਸ਼ਹਿਰ ਦਾ ਤਾਪਮਾਨ ਅੱਜ 6 ਤੋਂ 14 ਡਿਗਰੀ ਦੇ ਵਿਚਕਾਰ ਰਹਿਣ ਦਾ ਅਨੁਮਾਨ ਹੈ। ਸਵੇਰੇ ਇੱਥੇ ਧੁੰਦ ਛਾਈ ਹੋਈ ਹੈ। ਲੁਧਿਆਣਾ ਵਿੱਚ ਅੱਜ ਧੁੰਦ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਤਾਪਮਾਨ 7 ਤੋਂ 12 ਡਿਗਰੀ ਦੇ ਵਿਚਕਾਰ ਰਹੇਗਾ।