ਮੌਸਮ ਵਿਭਾਗ ਵੱਲੋਂ ਪੰਜਾਬ ਦੇ 15 ਜ਼ਿਲ੍ਹਿਆਂ ਵਿੱਚ ਔਰੇਂਜ਼ ਅਲਰਟ, 9 ਜਨਵਰੀ ਨੂੰ ਮੀਂਹ ਦੀ ਸੰਭਾਵਨਾ

ਡੈਸਕ- ਪੰਜਾਬ ਵਿੱਚ ਅੱਜ ਵੀ ਠੰਢ ਤੇ ਧੁੰਦ ਦਾ ਕਹਿਰ ਜਾਰੀ ਹੈ। ਮੌਸਮ ਵਿਭਾਗ ਨੇ 15 ਜ਼ਿਲ੍ਹਿਆਂ ਵਿੱਚ ਧੁੰਦ ਦਾ ਔਰੇਂਜ਼ ਅਲਰਟ ਜਾਰੀ ਕੀਤਾ ਹੈ। ਜਦੋਂਕਿ ਪੂਰਬੀ ਤੇ ਪੱਛਮੀ ਮਾਲਵੇ ਦੇ ਹੋਰ ਖੇਤਰਾਂ ਵਿੱਚ ਯੈਲੋ ਅਲਰਟ ਜਾਰੀ ਹੈ। ਮੌਸਮ ਵਿਭਾਗ ਨੇ 6 ਜਨਵਰੀ ਨੂੰ ਧੁੰਦ ਦਾ ਅਲਰਟ ਜਾਰੀ ਕੀਤਾ ਹੈ। ਫਿਰ 7 ਜਨਵਰੀ ਤੋਂ ਬਾਅਦ ਬੱਦਲਵਾਈ ਤੇ 9 ਜਨਵਰੀ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ।

ਸੀਤ ਲਹਿਰ ਦਾ ਅਸਰ ਪੰਜਾਬ ਦੇ ਨਾਲ-ਨਾਲ ਪੂਰੇ ਉੱਤਰੀ ਭਾਰਤ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਦਸੰਬਰ ਵਿੱਚ ਮੀਂਹ ਨਾ ਪੈਣ ਕਾਰਨ ਜਨਵਰੀ ਦੀ ਸ਼ੁਰੂਆਤ ਧੁੰਦ ਨਾਲ ਹੋਈ ਹੈ, ਜੋ 6 ਜਨਵਰੀ ਤੱਕ ਜਾਰੀ ਰਹੇਗੀ। ਮੌਸਮ ਵਿਭਾਗ ਅਨੁਸਾਰ ਪੰਜਾਬ ਦੇ ਸੰਗਰੂਰ, ਪਟਿਆਲਾ, ਮੁਹਾਲੀ, ਲੁਧਿਆਣਾ, ਰੂਪਨਗਰ, ਸ਼ਹੀਦ ਭਗਤ ਸਿੰਘ ਨਗਰ, ਮੋਗਾ, ਫ਼ਿਰੋਜ਼ਪੁਰ, ਜਲੰਧਰ, ਤਰਨ ਤਾਰਨ, ਕਪੂਰਥਲਾ, ਹੁਸ਼ਿਆਰਪੁਰ, ਅੰਮ੍ਰਿਤਸਰ, ਗੁਰਦਾਸਪੁਰ ਤੇ ਪਠਾਨਕੋਟ ਵਿੱਚ ਅੱਧੀ ਰਾਤ ਤੋਂ ਧੁੰਦ ਦਾ ਅਸਰ ਦਿਖਾਈ ਦੇ ਰਿਹਾ ਹੈ।

ਇਸ ਦੇ ਨਾਲ ਹੀ ਅੱਜ ਵੀ ਪੂਰੇ ਪੰਜਾਬ ਵਿੱਚ ਸੂਰਜ ਚੜ੍ਹਨ ਦੀਆਂ ਸੰਭਾਵਨਾਵਾਂ ਨਾਮੁਮਕਿਨ ਹਨ। ਇਸ ਕਾਰਨ ਦਿਨ ਤੇ ਰਾਤ ਦੇ ਤਾਪਮਾਨ ‘ਚ ਜ਼ਿਆਦਾ ਫਰਕ ਨਹੀਂ ਹੋਵੇਗਾ। ਮੌਸਮ ਮਾਹਿਰਾਂ ਨੇ ਦਿਨ ਤੇ ਰਾਤ ਦੇ ਤਾਪਮਾਨ ਵਿੱਚ ਮਾਮੂਲੀ ਫਰਕ ਦਾ ਕਾਰਨ ਮੀਂਹ ਦੀ ਕਮੀ ਨੂੰ ਦੱਸਿਆ ਹੈ। ਪੰਜਾਬ ਵਿੱਚ ਦਸੰਬਰ ਮਹੀਨੇ ਵਿੱਚ ਔਸਤਨ 10.7 ਐਮਐਮ ਮੀਂਹ ਪੈਂਦਾ ਹੈ, ਜਦੋਂਕਿ ਦਸੰਬਰ 2023 ਵਿੱਚ 70 ਫੀਸਦੀ ਘੱਟ ਮੀਂਹ ਦਰਜ ਕੀਤਾ ਗਿਆ। ਦਸੰਬਰ 2023 ਵਿੱਚ ਸਿਰਫ਼ 3.3 ਐਮਐਮ ਬਾਰਸ਼ ਦਰਜ ਕੀਤੀ ਗਈ।

ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਡਾਇਰੈਕਟਰ ਪਵਨੀਤ ਕੌਰ ਅਨੁਸਾਰ ਦਸੰਬਰ ਦੇ ਮਹੀਨੇ ਪੰਜਾਬ ਵਿੱਚ ਮੀਂਹ ਪੈਂਦਾ ਹੈ ਪਰ ਇਸ ਸਾਲ ਅਜਿਹਾ ਨਹੀਂ ਹੋਇਆ। ਖੁਸ਼ਕ ਮੌਸਮ ਕਾਰਨ ਧੁੰਦ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਖੁਸ਼ਕ ਮੌਸਮ ਕਾਰਨ ਰਾਤ ਦਾ ਤਾਪਮਾਨ ਆਮ ਨਾਲੋਂ ਹੇਠਾਂ ਚਲਾ ਗਿਆ ਹੈ, ਜਦੋਂਕਿ ਦਿਨ ਦਾ ਤਾਪਮਾਨ ਲਗਾਤਾਰ ਡਿੱਗ ਰਿਹਾ ਹੈ।