ਡੈਸਕ- ਹਾਰਟ ਅਟੈਕ ਵਰਗੀ ਨਾਮੁਰਾਦ ਬਿਮਾਰੀ ਕੈਨੇਡਾ ਗਏ ਪੰਜਾਬੀ ਵਿਦਿਆਰਥੀਆਂ ਦੇ ਮਗਰ ਹੀ ਪੈ ਗਈ ਹੈ। ਪਿਛਲੇ ਪੰਜ ਮਹੀਨੇ ਦੌਰਾਨ ਡੇੜ ਦਰਜਨ ਦੇ ਕਰੀਬ ਵਿਦਿਆਰਥੀ ਇਸਦੀ ਲਪੇਟ ਚ ਆਂ ਚੁੱਕੇ ਹਨ । ਪੰਜਾਬ ਦੇ ਨੌਜਵਾਨਾਂ ਵਿਚ ਆਏ ਦਿਨ ਵਿਦੇਸ਼ਾਂ ਵਿਚ ਜਾ ਕੇ ਸੈਟਲ ਹੋਣ ਦਾ ਕ੍ਰੇਜ਼ ਦਿਨੋ-ਦਿਨ ਵੱਧਦਾ ਜਾ ਰਿਹਾ ਹੈ। ਹਰੇਕ ਸਾਲ ਵੱਡੀ ਗਿਣਤੀ ਵਿਚ ਨੌਜਵਾਨ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਵਰਗੇ ਦੇਸ਼ਾਂ ਵਿਚ ਜਾ ਰਹੇ ਹਨ। ਉਨ੍ਹਾਂ ਦਾ ਸੁਪਨਾ ਹੁੰਦਾ ਹੈ ਕਿ ਵਿਦੇਸ਼ਾਂ ਵਿਚ ਜਾ ਕੇ ਪੜ੍ਹਾਈ ਕਰਕੇ ਤੇ ਨੌਕਰੀ ਕਰਕੇ ਪਰਿਵਾਰ ਨੂੰ ਸੈੱਟ ਕਰਨਗੇ ਪਰ ਕਈ ਵਾਰ ਉਨ੍ਹਾਂ ਨਾਲ ਅਜਿਹੀ ਮੰਦਭਾਗੀ ਘਟਨਾ ਵਾਪਰ ਜਾਂਦੀ ਹੈ ਕਿ ਉਨ੍ਹਾਂ ਦੇ ਸੁਪਨੇ ਧਰੇ ਦੇ ਧਰੇ ਹੀ ਰਹਿ ਜਾਂਦੇ ਹਨ।
ਅਜਿਹਾ ਹੀ ਇਕ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ ਜਿਥੇ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਜਤ ਮਹਿਰਾ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਰਜਤ ਅਜੇ 21 ਦਿਨ ਪਹਿਲਾਂ ਹੀ ਕੈਨੇਡਾ ਗਿਆ ਸੀ। ਰਜਤ ਦੇ ਦੇਹਾਂਤ ਦੀ ਖਬਰ ਮਿਲਣ ਨਾਲ ਪਰਿਵਾਰ ਵਾਲਿਆਂ ਵਿਚ ਸੋਗ ਦੀ ਲਹਿਰ ਹੈ ਤੇ ਸਾਰਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਪੁੱਤਰ ਦੀ ਬੇਵਕਤੀ ਮੌਤ ਨਾਲ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ।