ਡੈਸਕ- ਪੰਜਾਬ ਵਿਚ ਇਸ ਸਮੇਂ ਕਈ ਜਿਲ੍ਹਿਆਂ ਵਿਚ ਭਾਰੀ ਬਾਰਸ਼ ਹੋ ਰਹੀ ਹੈ। ਮੌਸਮ ਵਿਭਾਗ ਨੇ ਤਾਜ਼ਾ ਹਾਲਾਤਾਂ ਨੂੰ ਵੇਖਦੇ ਹੋਏ ਚੰਡੀਗੜ੍ਹ, ਮੁਹਾਲੀ ਤੇ ਨਾਲ ਲੱਗਦੇ ਇਲਾਕਿਆਂ ਵਿਚ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਇਥੇ ਅਗਲੇ ਤਿੰਨ ਘੰਟਿਆਂ ਵਿਚ ਭਾਰੀ ਤੋਂ ਬਹੁਤ ਭਾਰੀ ਬਾਰਸ਼ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਪੂਰੇ ਪੰਜਾਬ ਵਿਚ ਅਗਲੇ ਪੰਜ ਦਿਨ ਬਾਰਸ਼ ਦਾ ਦੌਰ ਜਾਰੀ ਰਹੇਗਾ। ਚੰਡੀਗੜ੍ਹ, ਮੁਹਾਲੀ, ਜ਼ੀਰਕਪੁਰ ਵਿਚ ਇਸ ਸਮੇਂ ਭਾਰੀ ਮੀਂਹ ਪੈ ਰਿਹਾ ਹੈ। ਅੱਜ ਮੌਸਮ ਵਿਭਾਗ ਨੇ ਦੇਸ਼ ਦੀ ਰਾਜਧਾਨੀ ਦਿੱਲੀ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ।
ਦੇਰ ਰਾਤ ਤੋਂ ਇੱਥੇ ਬੱਦਲ ਛਾਏ ਹੋਏ ਹਨ। ਪੂਰੇ ਉੱਤਰ ਭਾਰਤ ਵਿੱਚ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ। ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਜਾਰੀ ਹੈ। ਆਈਐਮਡੀ ਨੇ ਅਗਲੇ ਦੋ ਦਿਨਾਂ ਲਈ ਇੱਥੇ ਕੁਝ ਖੇਤਰਾਂ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ ਕੁਝ ਦਿਨਾਂ ਤੱਕ ਇੱਥੇ ਅਜਿਹੀ ਹੀ ਸਥਿਤੀ ਬਣੀ ਰਹੇਗੀ। ਦੱਸਿਆ ਗਿਆ ਕਿ ਮੌਨਸੂਨ ਟ੍ਰੌਫ ਆਪਣੀ ਆਮ ਸਥਿਤੀ ਤੋਂ ਉੱਤਰ ਵੱਲ ਵਧ ਰਿਹਾ ਹੈ। ਅਗਲੇ ਕੁਝ ਦਿਨਾਂ ਤੱਕ ਅਜਿਹਾ ਹੀ ਰਹੇਗਾ।
ਉੱਤਰ ਪ੍ਰਦੇਸ਼ ਬਾਰੇ ‘ਚ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਬੁੱਧਵਾਰ ਨੂੰ 21 ਜ਼ਿਲਿਆਂ ‘ਚ ਭਾਰੀ ਬਾਰਿਸ਼ ਹੋ ਸਕਦੀ ਹੈ, ਜਿਸ ਲਈ ਅਲਰਟ ਵੀ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਇੱਥੇ ਕੁਝ ਥਾਵਾਂ ‘ਤੇ ਬਿਜਲੀ ਡਿੱਗਣ ਵਰਗੀਆਂ ਘਟਨਾਵਾਂ ਵੀ ਵਾਪਰ ਸਕਦੀਆਂ ਹਨ। ਅਗਲੇ 24 ਘੰਟਿਆਂ ਦੌਰਾਨ ਉੱਤਰ-ਪੂਰਬੀ ਭਾਰਤ, ਉੱਤਰਾਖੰਡ, ਝਾਰਖੰਡ, ਬਿਹਾਰ, ਪੱਛਮੀ ਬੰਗਾਲ, ਕੋਂਕਣ ਅਤੇ ਗੋਆ ਵਿੱਚ ਦਰਮਿਆਨੀ ਤੋਂ ਭਾਰੀ ਮੀਂਹ ਦੀ ਸੰਭਾਵਨਾ ਹੈ।ਉੜੀਸਾ, ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ ਵਿੱਚ ਭਾਰੀ ਬਾਰਿਸ਼ ਹੋ ਸਕਦੀ ਹੈ।