PAU ਵਿਚ ਕਰਵਾਏ ਗਏ ਪੰਜਾਬ ਮੁਹਾਰਤ ਮੁਕਾਬਲੇ

ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ 2021 ਲਈ ਪੰਜਾਬ ਮੁਹਾਰਤ ਵਿਕਾਸ ਮਿਸ਼ਨ ਤਹਿਤ ਮੁਹਾਰਤ ਮੁਕਾਬਲੇ ਕਰਵਾਏ ਗਏ। ਇਹ ਮੁਕਾਬਲੇ ਫੁੱਲਾਂ ਦੀ ਸਜਾਵਟ ਅਤੇ ਲੈਂਡਸਕੇਪ ਸਜਾਵਟ ਦੇ ਖੇਤਰ ਵਿਚ ਕਰਵਾਏ ਗਏ। ਸਕਿੱਲ ਡਿਵੈਲਪਮੈਂਟ ਦੇ ਸਹਿਯੋਗੀ ਨਿਰਦੇਸ਼ਕ ਡਾ. ਕੁਲਦੀਪ ਸਿੰਘ ਨੇ ਦੱਸਿਆ ਕਿ ਇਸ ਰਾਜ ਪੱਧਰੀ ਮੁਕਾਬਲੇ ਵਿਚ 10 ਪ੍ਰਤੀਯੋਗੀ ਸ਼ਾਮਿਲ ਹੋਏ।

ਦੋਵਾਂ ਵਰਗਾਂ ਵਿਚ ਮੁੱਢਲੀ ਪ੍ਰੀਖਿਆ ਦੇ ਬਾਅਦ 5-5 ਪ੍ਰਤੀਯੋਗੀਆਂ ਨੂੰ ਸ਼ਾਮਿਲ ਕੀਤਾ ਗਿਆ ਸੀ। ਇਹਨਾਂ ਮੁਕਾਬਲਿਆਂ ਦੇ ਜੇਤੂਆਂ ਨੂੰ 2022 ਦੇ ਵਿਸ਼ਵ ਮੁਹਾਰਤ ਮੁਕਾਬਲਿਆਂ ਵਿਚ ਹਿੱਸਾ ਲੈਣ ਦਾ ਮੌਕਾ ਮਿਲੇਗਾ। ਇਸ ਸਮਾਗਮ ਦੇ ਕੁਆਰਡੀਨੇਟਰਾਂ ਡਾ. ਕਿਰਨ ਗਰੋਵਰ ਅਤੇ ਸ੍ਰੀਮਤੀ ਕੰਵਲਜੀਤ ਬਰਾੜ ਨੇ ਦੱਸਿਆ ਕਿ ਸਕਿੱਲ ਡਿਵੈਲਪਮੈਂਟ ਸੈਂਟਰ ਵਿਚ ਇਹ ਮੁਕਾਬਲੇ ਪਹਿਲੀ ਵਾਰ ਕਰਵਾਏ ਗਏ ਹਨ ਪਰ ਹੁਣ ਇਹ ਸਾਲਾਨਾ ਸਮਾਗਮ ਬਣ ਜਾਣਗੇ।

ਇਸਦੇ ਪ੍ਰਤੀਯੋਗੀਆਂ ਦੀ ਸਿਧਾਂਤਕ ਜਾਣਕਾਰੀ ਅਤੇ ਵਿਹਾਰਕ ਮੁਹਾਰਤ ਦੀ ਪ੍ਰੀਖਿਆ ਕੀਤੀ ਗਈ। ਫਲੋਰੀਕਲਚਰ ਦੇ ਮਾਹਿਰ ਡਾ. ਰਣਜੀਤ ਸਿੰਘ ਨੇ ਫੁੱਲ ਕਾਸ਼ਤਕਾਰ ਲਈ ਤੁੜਾਈ ਉਪਰੰਤ ਤਕਨੀਕੀ ਜਾਣਕਾਰੀ ਹੋਣ ਬਾਰੇ ਗੱਲ ਕੀਤੀ। ਉਹਨਾਂ ਕਿਹਾ ਕਿ ਫੁੱਲਾਂ ਦੇ ਡਿਜ਼ਾਇਨ, ਰੰਗ ਆਦਿ ਬਾਰੇ ਢੁੱਕਵੀਆਂ ਤਕਨੀਕਾਂ ਦੀ ਮੁਹਾਰਤ ਹੋਣੀ ਲਾਜ਼ਮੀ ਹੈ।

ਡਾ. ਸਿਮਰਤ ਸਿੰਘ ਨੇ ਦੱਸਿਆ ਕਿ ਲੈਂਡਸਕੇਪਿੰਗ ਲਈ ਕੀ ਜ਼ਰੂਰੀ ਤਕਨੀਕਾਂ ਅਪਨਾਉਣੀਆਂ ਚਾਹੀਦੀਆਂ ਹਨ ਤਾਂ ਜੋ ਪੌਦਿਆਂ ਦੀਆਂ ਕਿਸਮਾਂ, ਕੁਦਰਤੀ ਸਰੋਤ ਅਤੇ ਹੋਰ ਸਮੱਗਰੀ ਬਾਰੇ ਜਾਗਰੂਕਤਾ ਸਾਂਝੀ ਹੋ ਸਕੇ। ਡਾ. ਰੁਪਿੰਦਰ ਕੌਰ, ਡਾ. ਰਣਜੀਤ ਸਿੰਘ ਅਤੇ ਡਾ. ਸਿਮਰਤ ਸਿੰਘ ਇਹਨਾਂ ਮੁਕਾਬਲਿਆਂ ਦੇ ਜੱਜ ਸਨ ।

ਫੁੱਲਾਂ ਦੀ ਸਜਾਵਟ ਦੇ ਮੁਕਾਬਲੇ ਵਿਚ ਕੁਮਾਰੀ ਗਜ਼ਲ ਰਾਣੀ ਪਹਿਲੇ ਅਤੇ ਹਰਕਿਰਤ ਕੌਰ ਦੂਜੇ ਸਥਾਨ ‘ਤੇ ਰਹੇ ਜਦਕਿ ਲੈਂਡਸਕੇਪਿੰਗ ਵਿਚ ਕੁਮਾਰੀ ਨਵਜੀਤ ਕੌਰ ਪਹਿਲੇ, ਜਗਜੀਤ ਸਿੰਘ ਦੂਜੇ ਅਤੇ ਅਰਸ਼ਦੀਪ ਸਿੰਘ ਤੀਜੇ ਸਥਾਨ ‘ਤੇ ਰਹੇ । ਅੰਤ ਵਿਚ ਡਾ. ਰੁਪਿੰਦਰ ਕੌਰ ਨੇ ਸਭ ਦਾ ਧੰਨਵਾਦ ਕੀਤਾ।

ਟੀਵੀ ਪੰਜਾਬ ਬਿਊਰੋ