Site icon TV Punjab | Punjabi News Channel

ਝੋਨੇ ਦੀ ਪਰਾਲੀ ਪ੍ਰਬੰਧਨ ਸਦਕਾ ਖਾਦਾਂ ‘ਤੇ ਘਟਿਆ ਖਰਚ

ਜਲੰਧਰ : ਝੋਨੇ ਦੀ ਪਰਾਲੀ ਦਾ ਸੁਚੱਜਾ ਪ੍ਰਬੰਧਨ ਜਿਥੇ ਪਰਾਲੀ ਸਾੜਨ ਦੀ ਸਮੱਸਿਆ ਨਾਲ ਨਜਿੱਠਣ ਵਿੱਚ ਮਹੱਤਵਪੂਰਨ ਭੁਮਿਕਾ ਅਦਾ ਕਰ ਰਿਹਾ ਹੈ ਉਥੇ ਪਿਛਲੇ ਕੁਝ ਸਾਲਾਂ ਤੋਂ ਖੇਤਾਂ ਵਿਚ ਪਰਾਲੀ ਦਾ ਪ੍ਰਬੰਧਨ ਕਰ ਰਹੇ ਕਿਸਾਨਾਂ ਲਈ ਲਾਹੇਵੰਦ ਵੀ ਸਾਬਤ ਹੋ ਰਿਹਾ ਹੈ।

ਖੇਤਾਂ ਵਿਚ ਪਰਾਲੀ ਦਾ ਪ੍ਰਬੰਧਨ ਕਰਨ ਵਾਲੇ ਕਿਸਾਨਾਂ ਦਾ ਕਹਿਣਾ ਹੈ ਇਸ ਨਾਲ ਨਾ ਸਿਰਫ਼ ਖਾਦ ‘ਤੇ ਖਰਚ ਹੋਣ ਵਾਲੇ ਪੈਸੇ ਦੀ ਬੱਚਤ ਹੋ ਰਹੀ ਹੈ ਸਗੋਂ ਉਨ੍ਹਾਂ ਦੇ ਖੇਤਾਂ ਵਿਚਲੀ ਮਿੱਟੀ ਦੀ ਸਿਹਤ ਵਿਚ ਵੀ ਸੁਧਾਰ ਹੋਇਆ ਹੈ।

ਗੋਲ ਪਿੰਡ ਦੇ ਕਿਸਾਨ ਅਮਰਜੀਤ ਸਿੰਘ ਨੇ ਦੱਸਿਆ ਕਿ ਉਹ 2012 ਤੋਂ ਇਨ-ਸੀਟੂ ਤਕਨੀਕ ਰਾਹੀਂ ਪਰਾਲੀ ਦਾ ਪ੍ਰਬੰਧਨ ਕਰ ਰਿਹਾ ਹੈ, ਜਿਸ ਸਦਕਾ ਹੁਣ ਉਸ ਵੱਲੋਂ ਖੇਤ ਵਿਚ 50 ਫੀਸਦੀ ਘੱਟ ਡੀਏਪੀ ਅਤੇ ਯੂਰੀਆ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਮਿੱਟੀ ਦੀ ਸਿਹਤ ਵਿਚ ਵੀ ਸੁਧਾਰ ਹੋਇਆ ਹੈ।

ਉਸ ਨੇ ਅੱਗੇ ਕਿਹਾ ਕਿ ਉਸ ਵੱਲੋਂ ਸੁਪਰ ਐਸਐਮਐਸ ਦੀ ਵਰਤੋਂ ਕਰਨ ਤੋਂ ਬਾਅਦ 38 ਏਕੜ ਵਿਚ ਕਣਕ ਦੀ ਬਿਜਾਈ ਲਈ ਮਲਚਰ ਅਤੇ ਐਮਬੀ ਪਲੋਅ ਦੀ ਵਰਤੋਂ ਕਰਕੇ ਕੀਤੀ ਜਾਵੇਗੀ ।

ਇਸ ਤੋਂ ਇਲਾਵਾ ਕੁਝ ਖੇਤਾਂ ਵਿਚ ਐਸਐਮਐਸ ਤਕਨੀਕ ਰਾਹੀਂ ਕਟਾਈ ਤੋਂ ਬਾਅਦ ਸੁਪਰਸੀਡਰ ਦਾ ਇਸਤੇਮਾਲ ਕੀਤਾ ਜਾਵੇਗਾ। ਕਿਸਾਨ ਨੇ ਦੱਸਿਆ ਕਿ ਫ਼ਸਲ ਦਾ ਝਾੜ 1 ਤੋਂ 1.5 ਕੁਇੰਟਲ ਪ੍ਰਤੀ ਏਕੜ ਤੱਕ ਵਧ ਗਿਆ ਹੈ ਅਤੇ ਬਰਸਾਤੀ ਪਾਣੀ ਠਹਿਰਣ ਦੀ ਵੀ ਕੋਈ ਸਮੱਸਿਆ ਨਹੀਂ ਹੈ।

ਪਿੰਡ ਕਾਲਾ ਬਕਰਾ ਦਾ ਕਿਸਾਨ ਦਵਿੰਦਰ ਸਿੰਘ ਧਾਲੀਵਾਲ ਵੀ 2012 ਤੋਂ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਲਈ ਮਸ਼ੀਨਾਂ ਦੀ ਵਰਤੋਂ ਕਰ ਰਿਹਾ ਹੈ। 50 ਏਕੜ ਵਿਚ ਕਣਕ ਅਤੇ 60 ਏਕੜ ਵਿਚ ਆਲੂ ਦੀ ਕਾਸ਼ਤ ਕਰਨ ਵਾਲੇ ਇਸ ਕਿਸਾਨ ਨੇ ਫ਼ਸਲਾਂ ਦੀ ਰਹਿੰਦ-ਖੂਹੰਦ ਦੇ ਪ੍ਰਬੰਧਨ ਦੇ ਫਾਇਦਿਆਂ ਬਾਰੇ ਆਪਣਾ ਤਜ਼ਰਬਾ ਸਾਂਝੇ ਕਰਦਿਆਂ ਕਿਹਾ ਕਿ ਉਸ ਦੇ ਖੇਤ ਦੀ ਮਿੱਟੀ ਦੀ ਗੁਣਵੱਤਾ ਅਤੇ ਸਿਹਤ ਵਿਚ ਸੁਧਾਰ ਹੋਇਆ ਹੈ।

ਇਸ ਤੋਂ ਇਲਾਵਾ ਕਣਕ ਦੀ ਫ਼ਸਲ ਦੇ ਨਾਲ-ਨਾਲ ਆਲੂ ਦੇ ਝਾੜ ਵਿਚ ਵੀ ਕਾਫ਼ੀ ਵਾਧਾ ਹੋਇਆ ਹੈ ਅਤੇ ਖਾਦਾਂ ਦੀ ਲਾਗਤ ਘੱਟ ਗਈ ਹੈ। ਇਸੇ ਤਰ੍ਹਾਂ ਦਿਆਲਪੁਰ ਦੇ ਸੁਖਵਿੰਦਰ ਸਿੰਘ ਅਤੇ ਪਿੰਡ ਉਧੋਪੁਰ ਦੇ ਤਰਲੋਚਨ ਸਿੰਘ ਨੇ ਕਿਹਾ ਪਰਾਲੀ ਦੇ ਸੁਚੱਜੇ ਪ੍ਰਬੰਧਨ ਸਦਕਾ ਉਹ ਘੱਟ ਖਾਦਾਂ ਦੀ ਵਰਤੋਂ ਨਾਲ ਵਧੀਆ ਝਾੜ ਪ੍ਰਾਪਤ ਕਰ ਰਹੇ ਹਨ।

ਪਿੰਡ ਅਡਰਾਮਨ ਦੇ ਹਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਸੁਪਰ ਐਸਐਮਐਸ ਨਾਲ ਝੋਨੇ ਦੀ ਕਟਾਈ ਤੋਂ ਬਾਅਦ ਉਸ ਵੱਲੋਂ ਸੁਪਰਸੀਡਰ ਨਾਲ ਕਣਕ ਦੀ ਬਿਜਾਈ ਕੀਤੀ ਜਾਵੇਗੀ। ਉਸ ਨੇ ਹੋਰਨਾਂ ਕਿਸਾਨਾਂ ਨੂੰ ਵੀ ਕਿਰਾਏ ‘ਤੇ ਮਸ਼ੀਨ ਮੁਹੱਈਆ ਕਰਵਾਉਣ ਦੀ ਗੱਲ ਕਹੀ ।

ਮੁੱਖ ਖੇਤੀਬਾੜੀ ਅਫਸਰ ਡਾ. ਸੁਰਿੰਦਰ ਸਿੰਘ ਨੇ ਕਿਹਾ ਕਿ ਜੇਕਰ ਸਮੁੱਚੇ ਕਿਸਾਨ ਜਲੰਧਰ ਵਿਚ ਇਨ੍ਹਾਂ ਤਕਨੀਕਾਂ ਨੂੰ ਅਪਣਾ ਲੈਣ, ਜੋ ਕਿ 4.25 ਲੱਖ ਏਕੜ ਰਕਬਾ ਹੈ ਤਾਂ 80 ਕਰੋੜ ਰੁਪਏ ਦੀ ਬੱਚਤ ਕੀਤੀ ਜਾ ਸਕਦੀ ਹੈ, ਜੋ ਕਿ ਕਿਸਾਨ ਪੌਸ਼ਟਿਕ ਤੱਤਾਂ ਜਿਵੇਂ ਨਾਈਟ੍ਰੋਜਨ, ਫਾਸਫੋਰਸ ਅਤੇ ਪੋਟਾਸ਼ ਖਰੀਦ ‘ਤੇ ਖਰਚ ਕਰ ਦਿੰਦੇ ਹਨ।

ਉਨ੍ਹਾਂ ਕਿਹਾ ਕਿ ਪਰਾਲੀ ਪ੍ਰਬੰਧਨ ਸਦਕਾ ਮੁੱਖ ਪੌਸ਼ਟਿਕ ਤੱਤਾਂ ਤੋਂ ਇਲਾਵਾ ਸੂਖਮ ਪੌਸ਼ਟਿਕ ਤੱਤਾਂ ਦੀ ਉਪਲਬਧਤਾ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਵਿਚ ਵਾਧਾ ਹੁੰਦਾ ਹੈ।

ਟੀਵੀ ਪੰਜਾਬ ਬਿਊਰੋ

Exit mobile version