ਮਾਨ ਦੀ ਕਲਾਸ ‘ਤੇ ਮਜੀਠੀਆ ਦੀ ਚੁਟਕੀ, ਜ਼ਿੰਪਾ ਨੇ ਕੀਤਾ ਡੈਮੇਜ ਕੰਟਰੋਲ

ਡੈਸਕ- ਮੁੱਖ ਮੰਤਰੀ ਭਗਵੰਤ ਮਾਨ ‘ਤੇ ਅਕਾਲੀ ਲੀਡਰ ਬਿਕਰਮ ਮਜੀਠੀਆ ਨੇ ਨਿਸ਼ਾਨਾ ਸਾਧਿਆ ਹੈ। ਇਸ ਵਾਰ ਮਜੀਠੀਆ ਨੇ ਸੀਐਮ ਮਾਨ ਵੱਲੋਂ ਆਪਣੇ ਹੀ ਮੰਤਰੀ ਬ੍ਰਹਮ ਸ਼ੰਕਰ ਜ਼ਿੰਪਾ ਦੀ ਸਭ ਦੇ ਸਾਹਮਣੇ ਕਲਾਸ ਲਾਏ ਜਾਣ ਕਰਕੇ ਘੇਰਿਆ ਹੈ। ਸੀਐਮ ਮਾਨ ਨੇ ਹੁਸ਼ਿਆਰਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਦੌਰਾਨ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜ਼ਿੰਪਾ ਦੀ ਮੀਡੀਆ ਦੇ ਸਾਹਮਣੇ ਹੀ ਕਲਾਸ ਲਾ ਦਿੱਤੀ ਸੀ।

ਹੁਣ ਮੁੱਖ ਮੰਤਰੀ ਦੇ ਇਸ ਰਵੱਈਏ ‘ਤੇ ਵਿਰੋਧੀ ਪਾਰਟੀਆਂ ਨੇ ਉਨ੍ਹਾਂ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਬਿਕਰਮ ਮਜੀਠੀਆ ਨੇ ਕੈਬਨਿਟ ਮੰਤਰੀ ਜ਼ਿੰਪਾ ਨਾਲ ਹਮਦਰਦੀ ਜਤਾਉਂਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ ਰਵੱਈਏ ਨੂੰ ਹੰਕਾਰ ਕਰਾਰ ਦਿੱਤਾ ਹੈ। ਮਜੀਠੀਆ ਨੇ ਕਿਹਾ-ਮੈਂ ਮੁੱਖ ਮੰਤਰੀ ਭਗਵੰਤ ਮਾਨ ਦੇ ਹੰਕਾਰ ਦੀ ਨਿੰਦਾ ਕਰਦਾ ਹਾਂ ਤੇ ਕੈਬਨਿਟ ਮੰਤਰੀ ਜ਼ਿੰਪਾ ਨਾਲ ਹਮਦਰਦੀ ਹੈ। ਜਿੰਪਾ ਨੇ ਸਿੱਧੇ ਤੌਰ ‘ਤੇ ਮੁੱਖ ਮੰਤਰੀ ਨੂੰ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਮਿਲਣ ਲਈ ਬੇਨਤੀ ਕੀਤੀ ਸੀ। ਪੰਜਾਬ ਵਿੱਚ ਕੈਬਨਿਟ ਮੰਤਰੀਆਂ ਨਾਲ ਅਜਿਹਾ ਹੀ ਸਲੂਕ ਕੀਤਾ ਜਾਂਦਾ ਹੈ। ਸਰਕਾਰ ਵੱਲੋਂ ਕਿਸਾਨਾਂ ਤੇ ਲੋੜਵੰਦਾਂ ਨੂੰ ਹੜ੍ਹਾਂ ‘ਚ ਰਾਹਤ ਦੇਣ ਤੋਂ ਇਨਕਾਰ ਕਰਨਾ ਸਮਝ ਵਿੱਚ ਆਉਂਦਾ ਹੈ।

ਜਿੰਪਾ ਨੇ ਮਜੀਠੀਆ ਨੂੰ ਇਸ ਦਾ ਜਵਾਬ ਦਿੱਤਾ ਹੈ। ਉਨ੍ਹਾਂ ਨੇ ਇਸ ਸਬੰਧੀ ਟਵੀਟ ਕਰਕੇ ਹੋਏ ਲਿਖਿਆ ਹੈ-ਸਾਡੇ ਮੁੱਖ ਮੰਤਰੀ ਸਾਬ੍ਹ ਸਾਡੇ ਮੁਖੀ ਹਨ। ਵੱਡਿਆਂ ਦਾ ਸਤਿਕਾਰ ਕਰਨਾ ਸਾਡੇ ਵਿਰਸੇ ਅਤੇ ਸਾਡੇ ਸ਼ਿਸ਼ਟਾਚਾਰ ਦਾ ਹਿੱਸਾ ਹੈ ਪਰ ਤੁਸੀਂ ਇਹ ਨਹੀਂ ਸਮਝੋਗੇ। ਇਹੀ ਕਾਰਣ ਹੈ ਕਿ ਪੰਜਾਬ ਦੀ ਜਨਤਾ ਨੇ ਤੁਹਾਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ।”