ਮੁੱਖ ਮੰਤਰੀ ਵੱਲੋਂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਫਲਸਫ਼ੇ ਦਾ ਵਿਸ਼ਵ-ਵਿਆਪੀ ਪਸਾਰ ਕਰਨ ਦੀ ਲੋੜ ‘ਤੇ ਜ਼ੋਰ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਇਹ ਗੱਲ ਜ਼ੋਰ ਦੇ ਕੇ ਆਖੀ ਕੇ ਨੌਵੇਂ ਸਿੱਖ ਗੁਰੂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੇ ਫਲਸਫੇ ਨੂੰ ਦੁਨੀਆ ਭਰ ਵਿਚ ਪ੍ਰਚਾਰਿਤ ਕੀਤੇ ਜਾਣ ਦੀ ਲੋੜ ਹੈ ਤਾਂ ਜੋ ਸ਼ਾਂਤੀ, ਭਾਈਚਾਰਕ ਸਾਂਝ, ਧਰਮ ਨਿਰਪੱਖਤਾ ਅਤੇ ਮਿਲ ਜੁਲ ਕੇ ਰਹਿਣ ਵਰਗੀਆਂ ਕਦਰਾਂ ਕੀਮਤਾਂ ਦੀ ਰਾਖੀ ਹੋ ਸਕੇ ਜਿਨ੍ਹਾਂ ਲਈ ਗੁਰੂ ਸਾਹਿਬ ਨੇ ਲਾਸਾਨੀ ਕੁਰਬਾਨੀ ਦਿੱਤੀ।

ਪੰਜਾਬ ਵਿਧਾਨ ਸਭਾ ਵੱਲੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਸੱਦੇ ਗਏ ਵਿਸ਼ੇਸ਼ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਜ਼ਿਕਰ ਕੀਤਾ ਕਿ ਸਿੱਖ ਧਰਮ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿੱਚ ਸਾਡੇ ਗੁਰੂ ਸਾਹਿਬਾਨ ਦੁਆਰਾ ਸਾਨੂੰ ਅਸੂਲਾਂ ਅਤੇ ਸੱਚ ਦੇ ਰਸਤੇ ‘ਤੇ ਚੱਲਣ ਵਰਗੀਆਂ ਦਿੱਤੀਆਂ ਕਦਰਾਂ ਕੀਮਤਾਂ ਦੀ ਰਾਖੀ ਕਰਨ ਦੀ ਪਰੰਪਰਾ ਹੈ।

ਇਸ ਮੌਕੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਅਧਿਆਤਮਕ, ਧਾਰਮਿਕ ਅਤੇ ਭਾਰਤ ਦੇ ਸਿਆਸੀ ਇਤਿਹਾਸ ਦਾ ਅਹਿਮ ਮੋੜ ਦੱਸਿਆ। ਉਨ੍ਹਾਂ ਅੱਗੇ ਕਿਹਾ ਕਿ ਮਹਾਨ ਅਧਿਆਤਮਕ ਗੁਰੂਆਂ ਵਿੱਚੋਂ ਗੁਰੂ ਸਾਹਿਬ ਵਿੱਚੋਂ ਬਹੁਤ ਮਹਾਨ ਹਨ ਜਿਨ੍ਹਾਂ ਦਾ ਸੰਦੇਸ਼ ਮਨੁੱਖਤਾ ਦਾ ਮਾਰਗਦਰਸ਼ਨ ਕਰਦਾ ਹੈ ਅਤੇ ਹਰੇਕ ਸਮੇਂ ਵਿਚ ਸਰਬਵਿਆਪੀ ਸਾਰਥਿਕ ਹੈ।

ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਆਪਣੀ ਲਾਮਿਸਾਲ ਕੁਰਬਾਨੀ ਮਾਨਵਤਾ ਨੂੰ ਧਰਮ ਜਾਤ, ਰੰਗ-ਭੇਦ, ਫਿਰਕੇ ਅਤੇ ਨਸਲਾਂ ਤੋਂ ਉਪਰ ਉਠ ਕੇ ਪਿਆਰ, ਸਦਭਾਵਨਾ ਅਤੇ ਸਹਿਣਸ਼ੀਲਤਾ ਦੇ ਸੰਦੇਸ਼ ਪ੍ਰਤੀ ਹਮੇਸ਼ਾ ਪ੍ਰੇਰਿਤ ਕਰਦੀ ਰਹੇਗੀ। ਸਪੀਕਰ ਨੇ ਅੱਗੇ ਕਿਹਾ ਕਿ ਗੁਰੂ ਸਾਹਿਬ ਜੀ ਦੀ ਲਾਮਿਸਾਲ ਕੁਰਬਾਨੀ ਕਸ਼ਮੀਰੀ ਪੰਡਿਤਾਂ ਜਾਂ ਹਿੰਦੂ ਧਰਮ ਦੀ ਰਾਖੀ ਲਈ ਹੀ ਨਹੀਂ ਸਗੋਂ ਸਮੁੱਚੀ ਮਾਨਵਤਾ ਲਈ ਧਾਰਮਿਕ ਆਜ਼ਾਦੀ ਅਤੇ ਬਰਾਬਰੀ ਲਈ ਸੀ।

ਆਪਣੇ ਕੁੰਜੀਵਤ ਭਾਸ਼ਣ ਵਿਚ ਭਾਰਤ ਦੇ ਸਾਬਕਾ ਚੀਫ ਜਸਟਿਸ ਜੇ.ਐਸ. ਖੇਹਰ ਨੇ ਦੁਨੀਆ ਭਰ ਵਿਚ ਸਿੱਖ ਜੀਵਨ-ਜਾਚ ‘ਚ ‘ਅਰਦਾਸ’ ਦੀ ਮਹੱਤਤਾ ਦਰਸਾਉਂਦਿਆਂ ਕਿਹਾ ਕਿ ਅੱਜ ਅਸੀਂ ਸਾਰੇ ਭਾਗਾਂ ਵਾਲੇ ਹਾਂ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਗੁਰੂ ਸਾਹਿਬ ਨੂੰ ਯਾਦ ਕਰਨ ਦੇ ਨਾਲ-ਨਾਲ ਵਿਚਾਰਾਂ ਕਰਨ ਲਈ ਮਨਾ ਰਹੇ ਹਾਂ।

ਉਨ੍ਹਾਂ ਅੱਗੇ ਕਿਹਾ ਕਿ ਗੁਰੂ ਤੇਗ਼ ਬਹਾਦਰ ਜੀ ਤੋਂ ਸੇਧ ਲੈ ਕੇ ਅਸੀਂ ਸਾਰੇ ਨੌਂ ਅਧਿਆਤਮਿਕ ਅਤੇ ਦੁਨੀਆਵੀ ਸਰੋਤਾਂ ਨੂੰ ਪ੍ਰਾਪਤ ਕਰ ਸਕਦੇ ਹਾਂ ਅਤੇ ਜੋ ਲੋਕ ਗੁਰੂ ਤੇਗ਼ ਬਹਾਦਰ ਜੀ ਦੇ ਬਾਰੇ ਮੰਥਨ ਕਰਦੇ ਹਨ ਉਨ੍ਹਾਂ ਨੂੰ ਹਰੇਕ ਸਥਿਤੀ ਵਿਚ ਗੁਰੂ ਸਾਹਿਬ ਦੀ ਮਿਹਰ ਪ੍ਰਾਪਤ ਹੁੰਦੀ ਹੈ।

ਜਸਟਿਸ ਖੇਹਰ ਨੇ ਕਿਹਾ ਕਿ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੇ ਸਿੱਖ ਇਤਿਹਾਸ ਦੀ ਦਿਸ਼ਾ ਹੀ ਬਦਲ ਦਿੱਤੀ ਅਤੇ ਸਿੱਖਾਂ ਵਿਚ ਸੈਨਿਕ ਰੂਪ ਧਾਰਨ ਕਰਨ ਦਾ ਮੁੱਢ ਬੱਝ ਗਿਆ ਜੋ ਉਸ ਵੇਲੇ ਤੱਕ ਇਕ ਸ਼ਾਂਤਮਈ ਭਾਈਚਾਰਾ ਸੀ। ਸੁਪਰੀਮ ਕੋਰਟ ਦੇ ਸਾਬਕਾ ਚੀਫ ਜਸਟਿਸ ਨੇ ਕਿਹਾ, ”ਗੁਰੂ ਤੇਗ਼ ਬਹਾਦਰ ਜੀ ਦੇ ਜੀਵਨ ਵਿਚ ਵਾਪਰੀਆਂ ਘਟਨਾਵਾਂ ਨੂੰ ਜਾਣਨ ਲਈ ਇਸ ਦੇ ਪਿਛੋਕੜ ਨੂੰ ਵੀ ਜ਼ਰੂਰ ਸਮਝਣਾ ਪਵੇਗਾ।”

ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸਾਰੀਆਂ ਸਖਸ਼ੀਅਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਰਿਆਂ ਨੂੰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਵੱਲੋਂ ਦਿਖਾਏ ਮਾਰਗ ਉਤੇ ਚੱਲਣਾ ਚਾਹੀਦਾ ਹੈ। ਉਨ੍ਹਾਂ ਇਸ ਗੱਲ ਉਤੇ ਜ਼ੋਰ ਦਿੰਦਿਆਂ ਕਿਹਾ ਕਿ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਅੱਜ ਦੇ ਮੁਸ਼ਕਲ ਸਮੇਂ ਵਿਚ ਹੋਰ ਵੀ ਸਾਰਥਕ ਹਨ ਜਦੋਂ ਅੱਜ ਦੁਨੀਆਂ ਭਰ ਵਿੱਚ ਧਾਰਮਿਕ ਕੱਟੜਤਾ ਅਤੇ ਟਕਰਾਅ ਵਧਿਆ ਹੋਇਆ ਹੈ। ਇਸ ਮੌਕੇ ਵਿਧਾਨ ਸਭਾ ਦੇ ਸਪੀਕਰ ਨੇ ਸਤਿਕਾਰਯੋਗ ਦਲਾਈ ਲਾਮਾ ਤੇ ਭਾਰਤ ਦੇ ਉਪ ਰਾਸ਼ਟਰਪਤੀ ਐਮ. ਵੈਂਕੱਈਆ ਨਾਇਡੂ ਵੱਲੋਂ ਭੇਜਿਆ ਸੰਦੇਸ਼ ਵੀ ਪੜ੍ਹਿਆ।

ਟੀਵੀ ਪੰਜਾਬ ਬਿਊਰੋ