ਧੁੰਦ ਕਾਰਨ ਬੱਸ-ਟਰੱਕ ਦੀ ਆਪਸ ਵਿਚ ਹੋਈ ਭਿਆਨਕ ਟੱਕਰ, 5 ਲੋਕਾਂ ਦੀ ਦਰਦਨਾਕ ਮੌਤ

ਡੈਸਕ- ਉੱਤਰ ਪ੍ਰਦੇਸ਼ ਦੇ ਅਲੀਗੜ੍ਹ ‘ਚ ਯਮੁਨਾ ਐਕਸਪ੍ਰੈੱਸ ਵੇਅ ‘ਤੇ ਡਬਲ ਡੈਕਰ ਬੱਸ ਅਤੇ ਟਰੱਕ ਵਿਚਾਲੇ ਹੋਈ ਟੱਕਰ ‘ਚ 5 ਲੋਕਾਂ ਦੀ ਮੌਤ ਹੋ ਗਈ। 15 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਬੱਸ ਦਿੱਲੀ ਤੋਂ ਆਜ਼ਮਗੜ੍ਹ ਜਾ ਰਹੀ ਸੀ। ਟਰੱਕ ਆਗਰਾ ਜਾ ਰਿਹਾ ਦੱਸਿਆ ਜਾ ਰਿਹਾ ਹੈ।

ਇਹ ਦਰਦਨਾਕ ਹਾਦਸਾ ਬੁੱਧਵਾਰ ਦੇਰ ਰਾਤ ਤਪਲ ਇਲਾਕੇ ‘ਚ ਯਮੁਨਾ ਐਕਸਪ੍ਰੈਸ ਵੇਅ ‘ਤੇ ਵਾਪਰਿਆ। ਇਸ ਹਾਦਸੇ ਦਾ ਮੁੱਖ ਕਾਰਨ ਸੰਘਣੀ ਧੁੰਦ ਨੂੰ ਮੰਨਿਆ ਜਾ ਰਿਹਾ ਹੈ। ਪੁਲਿਸ ਮੁਤਾਬਕ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਬੱਸ ਟਰੱਕ ਨੂੰ ਓਵਰਟੇਕ ਕਰ ਰਹੀ ਸੀ।

ਹਾਦਸੇ ਤੋਂ ਬਾਅਦ ਬੱਸ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ। ਹਾਈਵੇਅ ‘ਤੇ ਗਸ਼ਤ ਕਰ ਰਹੀ ਪੁਲਿਸ ਨੇ ਹੋਰ ਜਾਣਕਾਰੀ ਦਿੰਦਿਆਂ ਹਾਦਸੇ ‘ਚ ਜ਼ਖ਼ਮੀ ਹੋਏ ਲੋਕਾਂ ਨੂੰ ਬੱਸ ‘ਚੋਂ ਬਾਹਰ ਕੱਢਿਆ ਤੇ ਹਸਪਤਾਲ ਦਾਖਲ ਕਰਵਾਇਆ ਗਿਆ।

ਥਾਣਾ ਇੰਚਾਰਜ ਨੇ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਅਲੀਗੜ੍ਹ ਦੇ ਮੁਰਦਾ ਘਰ ਭੇਜ ਦਿੱਤਾ ਗਿਆ ਹੈ। ਅਜੇ ਤੱਕ ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ ਹੈ।
ਪੁਲਿਸ ਦਾ ਕਹਿਣਾ ਹੈ ਕਿ ਇਸ ਹਾਦਸੇ ਦਾ ਮੁੱਖ ਕਾਰਨ ਬੱਸ ਦਾ ਟਰੱਕ ਨੂੰ ਓਵਰਟੇਕ ਕਰਨਾ ਅਤੇ ਧੁੰਦ ਹੈ। ਇਸ ਘਟਨਾ ਤੋਂ ਬਾਅਦ ਜਾਮ ਲੱਗ ਗਿਆ, ਜਿਸ ਕਾਰਨ ਆਵਾਜਾਈ ਵਿੱਚ ਵਿਘਨ ਪਿਆ। ਪੁਲਿਸ ਨੇ ਆਵਾਜਾਈ ਆਮ ਵਾਂਗ ਕਰਨ ਲਈ ਕਾਫੀ ਯਤਨ ਕੀਤੇ।