ਡੈਸਕ- ਸ਼ੁਕਰਵਾਰ ਦੀ ਰਾਤ ਇਕ ਬੇਕਾਬੂ ਟ੍ਰਕ ਨੇ ਸੜਕ ‘ਤੇ ਮੋਤ ਦਾ ਤਾਂਡਵ ਕੀਤਾ । ਮੱਧ ਪ੍ਰਦੇਸ਼ ਦੇ ਸੀਧੀ ਵਿਚ ਚੁਰਹਟ-ਰੀਵੀ ਨੈਸ਼ਨਲ ਹਾਈਵੇ ‘ਤੇ ਬੀਤੀ ਰਾਤ ਇਕ ਭਿਆਨਕ ਸੜਕ ਹਾਦਸੇ ਵਿਚ 15 ਬੱਸ ਯਾਤਰੀਆਂ ਦੀ ਮੌਤ ਹੋ ਗਈ। 8 ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ ਸੀ ਜਦੋਂ ਕਿ ਬਾਕੀ ਦੀ ਮੌਤ ਹਸਪਤਾਲ ਵਿਚ ਹੋਈ। 50 ਯਾਤਰੀ ਜ਼ਖਮੀ ਹਨ। ਇਨ੍ਹਾਂ ਵਿਚੋਂ 10 ਦੀ ਹਾਲਤ ਗੰਭੀਰ ਹੈ। ਹਾਦਸਾ ਟਰੱਕ ਦਾ ਟਾਇਰ ਫਟਣ ਨਾਲ ਹੋਇਆ। ਬੇਕਾਬੂ ਟਰੱਕ ਨੇ ਤਿੰਨ ਖੜ੍ਹੀਆਂ ਬੱਸਾਂ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਹੁਣ ਤੱਕ 9 ਮ੍ਰਿਤਕਾਂ ਦੀ ਹੀ ਪਛਾਣ ਹੋ ਸਕੀ ਹੈ।
ਇਹ ਬੱਸਾਂ ਸਤਨਾ ਵਿਚ ਹੋਏ ਕੋਲ ਸਮਾਜ ਦੇ ਮਹਾਕੁੰਭ ਵਿਚ ਸ਼ਾਮਲ ਹੋਣ ਦੇ ਬਾਅਦ ਵਾਪਸ ਪਰਤ ਰਹੀਆਂ ਸਨ। ਇਸ ਪ੍ਰੋਗਰਾਮ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਸ਼ਿਵਰਾਜ ਸਿੰਘ ਵੀ ਸ਼ਾਮਲ ਹੋਏ ਸਨ। ਮੁੱਖ ਮੰਤਰੀ ਸ਼ਿਵਰਾਜ ਸੀਧੀ ਵਿਚ ਸਨ। ਉਹ ਸੂਚਨਾ ਮਿਲਦੇ ਹੀ ਘਟਨਾ ਵਾਲੀ ਥਾਂ ‘ਤੇ ਪਹੁੰਚ ਗਏ।
ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਰਾਤ 9 ਵਜੇ ਮੋਹਨੀਆ ਟੱਨਲ ਤੋਂ ਦੂਰੀ ‘ਤੇ ਇਹ ਹਾਦਸਾ ਹੋਇਆ। ਇਥੇ ਇਕ ਤੇਜ਼ ਰਫਤਾਰ ਟਰੱਕ ਦੀ ਟੱਕਰ ਨਾਲ ਦੋ ਬੱਸਾਂ 10 ਫੁੱਟ ਦੀ ਡੂੰਘੀ ਖੱਡ ਵਿਚ ਡਿੱਗ ਗਈਆਂ। ਇਕ ਬੱਸ ਹਾਈਵੇ ‘ਤੇ ਹੀ ਪਲਟ ਗਈ। ਟਰੱਕ ਸੀਮੈਂਟ ਨਾਲ ਭਰਿਆ ਸੀ, ਟੱਕਰ ਦੇ ਬਾਅਦ ਪਲਟ ਗਿਆ।
ਮਿਲੀ ਜਾਣਕਾਰੀ ਮੁਤਾਬਕ ਸਤਨਾ ਵਿਚ ਆਯੋਜਿਤ ਕੋਲ ਜਨਜਾਤੀ ਮਹਾਕੁੰਭ ਵਿਚ ਪ੍ਰੋਗਰਾਮ ਵਿਚ ਭੀੜ ਜੁਟਾਉਣ ਲਈ ਵਿੰਧ ਖੇਤਰ ਦੇ ਸਾਰੇ ਜ਼ਿਲ੍ਹਿਆਂ ਨੂੰ 300-300 ਬੱਸਾਂ ਭਰ ਕੇ ਲੋਕਾਂ ਨੂੰ ਲਿਆਉਣ ਦਾ ਟਾਰਗੈੱਟ ਦਿੱਤਾ ਗਿਆ ਸੀ। ਸਾਰੀਆਂ ਬੱਸਾਂ ਸਤਨਾ ਤੋਂ ਰਾਮਪੁਰ ਬਘੇਲਾਨ ਤੇ ਰੀਵਾ ਦੇ ਰਸਤੇ ਮੋਹਨੀਆ ਟੱਨਲ ਤੋਂ ਸਿੱਧੀ ਹੋ ਕੇ ਜਾ ਰਹੀਆਂ ਸਨ। ਟੱਨਲ ਤੋਂ ਇਕ ਕਿਲੋਮੀਟਰ ਦੂਰੀ ਸੀਧੀ ਜ਼ਿਲ੍ਹੇ ਦੇ ਚੁਰਹਟ ਥਾਣਾ ਖੇਤਰ ਵਿਚ ਬਰਖੜਾ ਪਿੰਡ ਕੋਲ ਤਿੰਨਾ ਬੱਸਾਂ ਕੁਝ ਦੇਰ ਲਈ ਰੋਕੀਆਂ ਗਈਆਂ ਹਨ। ਇਥੇ ਯਾਤਰੀਆਂ ਦੇ ਚਾਹ-ਪਾਣੀ ਦਾ ਇੰਤਜ਼ਾਮ ਕੀਤਾ ਗਿਆ ਸੀ। ਇਸੇ ਦਰਮਿਆਨ ਪਿੱਛੇ ਤੋਂ ਆ ਰਹੇ ਸੀਮੈਂਟ ਨਾਲ ਭਰੇ ਟਰੱਕ ਨੇ ਤਿੰਨਾਂ ਬੱਸਾਂ ਨੂੰ ਟੱਕਰ ਮਾਰ ਦਿੱਤੀ। ਤਿੰਨਾਂ ਬੱਸਾਂ ਵਿਚ 50 ਤੋਂ 60 ਲੋਕ ਸਵਾਰ ਸਨ।
ਮੁੱਖ ਮੰਤਰੀ ਸ਼ਿਵਰਾਜ ਸਿੰਘ ਨੇ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ 10-10 ਲੱਖ ਰੁਪਏ, ਗੰਭੀਰ ਜ਼ਖਮੀਆਂ ਨੂੰ 2-2 ਲੱਖ ਰੁਪਏ ਤੇ ਸਾਧਾਰਨ ਜ਼ਖਮੀਆਂ ਨੂੰ 1-1 ਲੱਖ ਰੁਪਏ ਦੀ ਆਰਥਿਕ ਮਦਦ ਦੇਣ ਦਾ ਐਲਾਨ ਕੀਤਾ।