ਬੈਂਕ ਆਫ਼ ਕੈਨੇਡਾ ਨੇ 5 ਫ਼ੀਸਦੀ ’ਤੇ ਬਰਕਰਾਰ ਰੱਖੀ ਵਿਆਜ ਦਰ

Ottawa- ਆਰਥਿਕਤਾ ਦੇ ਠੰਡੇ ਪੈਣ ਦੇ ਸੰਕੇਤਾਂ ਦੇ ਚੱਲਦਿਆਂ ਬੈਂਕ ਆਫ਼ ਕੈਨੇਡਾ ਨੇ ਬੁੱਧਵਾਰ ਨੂੰ ਵਿਆਜ ਦਰ ਵਿਚ ਵਾਧਾ ਨਹੀਂ ਕੀਤਾ ਅਤੇ ਇਸਨੂੰ 5 ਫ਼ੀਸਦੀ ‘ਤੇ ਬਰਕਰਾਰ ਰੱਖਿਆ ਹੈ। ਅਰਥਸ਼ਾਸਤਰੀਆਂ ਅਤੇ ਹੋਰ ਵਿੱਤੀ ਨਿਰੀਖਕਾਂ ਦੁਆਰਾ ਇਸ ਕਦਮ ਦੀ ਵਿਆਪਕ ਤੌਰ ’ਤੇ ਉਮੀਦ ਕੀਤੀ ਗਈ ਸੀ, ਕਿਉਂਕਿ 2022 ਦੇ ਸ਼ੁਰੂ ਤੋਂ ਕੇਂਦਰੀ ਬੈਂਕ ਮਹਿੰਗਾਈ ਨੂੰ ਕਾਬੂ ਕਰਨ ਲਈ ਵਿਆਜ ਦਰਾਂ ਵਿਚ ਵਾਧੇ ਕਰਦਾ ਰਿਹਾ ਹੈ।
ਵਿਆਜ ਦਰ ਦਾ ਪੂਰਨ ਪ੍ਰਭਾਵ ਨਜ਼ਰ ਆਉਣ ’ਚ 18 ਮਹੀਨਿਆਂ ਤੱਕ ਦਾ ਸਮਾਂ ਲੱਗ ਸਕਦਾ ਹੈ, ਇਸ ਕਰਕੇ ਡੇਢ ਸਾਲ ਦੇ ਅੰਦਰ ਹੀ ਕਰੀਬ 0 ਫ਼ੀਸਦੀ ਤੋਂ 5 ਫ਼ੀਸਦੀ ਤੱਕ ਵਿਆਜ ਦਰ ਦੇ ਵਾਧਿਆਂ ਕਾਰਨ, ਆਰਥਿਕਤਾ ’ਚ ਕਾਫ਼ੀ ਧੀਮਾਪਣ ਆਉਣ ਦਾ ਵੀ ਖ਼ਤਰਾ ਹੈ। ਹਾਲ ਹੀ ਦੇ ਵਿੱਤੀ ਸੂਚਕਾਂ ਨੇ ਆਰਥਿਕਤਾ ’ਚ ਧੀਮੇਪਣ ਦਾ ਸੰਕੇਤ ਦਿੱਤਾ ਹੈ।
ਅਗਸਤ ਦੇ ਸ਼ੁਰੂ ’ਚ ਜਾਰੀ ਕੀਤੇ ਗਏ ਜੁਲਾਈ ਦੇ ਨੌਕਰੀਆਂ ਦੇ ਅੰਕੜਿਆਂ ਤੋਂ ਇਹ ਗੱਲ ਸਾਫ਼ ਦਿਖਾਈ ਦਿੱਤੀ ਹੈ ਕਿ ਜੁਲਾਈ ’ਚ ਕੈਨੇਡਾ ’ਚ 6,000 ਨੌਕਰੀਆਂ ਖ਼ਤਮ ਹੋਈਆਂ ਅਤੇ ਬੇਰੁਜ਼ਗਾਰੀ ਦਰ ਮਾਮੂਲੀ ਵਾਧੇ ਨਾਲ 5.5 ਫ਼ੀਸਦੀ ‘ਤੇ ਪਹੁੰਚ ਗਈ। ਕੈਨੇਡੀਅਨ ਅਰਥ ਵਿਵਸਥਾ ਕਮਜ਼ੋਰ ਵਿਕਾਸ ਦੇ ਦੌਰ ’ਚੋਂ ਲੰਘ ਰਹੀ ਹੈ, ਜਿਹੜੀ ਕਿ ਕੀਮਤਾਂ ਦੇ ਦਬਾਅ ਨੂੰ ਦੂਰ ਕਰਨ ਲਈ ਜ਼ਰੂਰੀ ਹੈ। ਸਾਲ 2023 ਦੀ ਦੂਜੀ ਤਿਮਾਹੀ ’ਚ ਆਰਥਿਕ ਵਿਕਾਸ ਦੀ ਰਫ਼ਤਾਰ ’ਚ ਤੇਜ਼ੀ ਨਾਲ ਗਿਰਾਵਟ ਆਈ ਹੈ ਅਤੇ ਉਤਪਾਦਨ ’ਚ ਵੀ ਸਾਲਾਨਾ ਦਰ ਨਾਲ 0.2 ਫ਼ੀਸਦੀ ਦੀ ਗਿਰਾਵਟ ਆਈ ਹੈ। ਇਸ ਨੇ ਖਪਤ ਦੇ ਵਾਧੇ ’ਚ ਮਹੱਤਵਪੂਰਨ ਕਮਜ਼ੋਰੀ ਅਤੇ ਰਿਹਾਇਸ਼ੀ ਗਤੀਵਿਧੀਆਂ ’ਚ ਗਿਰਾਵਟ ਦੇ ਨਾਲ-ਨਾਲ ਦੇਸ਼ ਦੇ ਕਈ ਹਿੱਸਿਆਂ ’ਚ ਜੰਗਲਾਂ ਦੀ ਅੱਗ ਦੇ ਪ੍ਰਭਾਵ ਨੂੰ ਦਰਸਾਇਆ ਹੈ। ਘਰੇਲੂ ਕ੍ਰੈਡਿਟ ਵਾਧੇ ਦੀ ਰਫ਼ਤਾਰ ’ਚ ਵੀ ਧੀਮਾਪਣ ਆਇਆ ਹੈ, ਕਿਉਂਕਿ ਇਸ ਨੇ ਕਰਜ਼ਾ ਲੈਣ ਵਾਲਿਆਂ ਦੀ ਇੱਕ ਵਿਸ਼ਾਲ ਸ਼੍ਰੈਣੀ ਵਿਚਾਲੇ ਖ਼ਰਚ ਨੂੰ ਰੋਕ ਦਿੱਤਾ ਹੈ। ਸਰਕਾਰੀ ਖ਼ਰਚ ਅਤੇ ਕਾਰੋਬਾਰੀ ਨਿਵੇਸ਼ ਨੂੰ ਹੁਲਾਰਾ ਮਿਲਣ ਨਾਲ ਦੂਜੀ ਤਿਮਾਹੀ ’ਚ ਅੰਤਿਮ ਘਰੇਲੂ ਮੰਗ ’ਚ 1 ਫ਼ੀਸਦੀ ਦਾ ਵਾਧਾ ਹੋਇਆ ਹੈ। ਲੇਬਰ ਮਾਰਕੀਟ ਦੀ ਤੰਗੀ ਹੌਲੀ-ਹੌਲੀ ਘੱਟ ਹੁੰਦੀ ਜਾ ਰਹੀ ਹੈ। ਹਾਲਾਂਕਿ ਤਨਖ਼ਾਹ ਵਾਧੇ ਦੀ ਦਰ 4 ਫ਼ੀਸਦੀ ਅਤੇ 5 ਫ਼ੀਸਦੀ ਦੇ ਆਸ-ਪਾਸ ਬਣੀ ਹੋਈ ਹੈ।
ਅਗਸਤ ’ਚ ਹੀ ਸਟੈਟਿਸਟਿਕਸ ਕੈਨੇਡਾ ਵਲੋਂ ਜਾਰੀ ਅੰਕੜੇ ਦਰਸਾਉਂਦੇ ਹਨ ਕਿ ਕੈਨੇਡੀਅਨ ਜੀਡੀਪੀ ਦੂਸਰੀ ਤਿਮਾਹੀ ਵਿਚ ਸੁੰਘੜੀ ਹੈ। ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਜੀਡੀਪੀ ਵਿਚ ਇਹ ਪਹਿਲਾ ਨਿਘਾਰ ਸੀ, ਜਿਸ ਦਾ ਅਰਥ ਆਰਥਿਕਤਾ ਵਿਚ ਮਾਮੂਲੀ ਮੰਦੀ ਦਾ ਸੰਕੇਤ ਹੋ ਸਕਦਾ ਹੈ। ਭਾਵੇਂ ਆਰਥਿਕ ਧੀਮਾਪਣ, ਮਹਿੰਗਾਈ ਨੂੰ 2 ਫ਼ੀਸਦੀ ‘ਤੇ ਲਿਆਉਣ ਦੇ ਟੀਚੇ ‘ਤੇ ਜੁਟੇ ਹੋਏ ਕੇਂਦਰੀ ਬੈਂਕ ਲਈ ਇੱਕ ਚੰਗੀ ਖ਼ਬਰ ਹੈ ਪਰ ਬੈਂਕ ਦਾ ਕਹਿਣਾ ਹੈ ਕਿ ਜੇ ਉਸਨੂੰ ਭਵਿੱਖ ’ਚ ਵਿਆਜ ਦਰ ਵਿਚ ਵਾਧਾ ਕਰਨਾ ਪਿਆ ਤਾਂ ਉਹ ਇਸ ਲਈ ਤਿਆਰ ਹੈ।
ਡੇਜ਼ਯਾਰਡਿਨ ਦੇ ਅਰਥਸ਼ਾਸਤਰੀ, ਰੋਏਸ ਮੈਂਡੀਜ਼ ਨੇ ਕਿਹਾ ਕਿ ਇਹ ਨੁਕਤਾ ਗ਼ੌਰ ਕਰਨ ਯੋਗ ਹੈ ਕਿ ਬੈਂਕ ਭਵਿੱਖ ’ਚ ਵਿਆਜ ਦਰ ਵਾਧਿਆਂ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕਰ ਰਿਹਾ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਹੈ ਕਿ ਜ਼ਿਆਦਾਤਰ ਆਰਥਿਕ ਸੂਚਕ ਬੈਂਕ ਦੇ ਅਨੁਮਾਨ ਨਾਲੋਂ ਜ਼ਿਆਦਾ ਕਮਜ਼ੋਰ ਦਰਜ ਹੋਏ ਹਨ, ਜਿਸ ਕਰਕੇ ਹੋ ਸਕਦਾ ਹੈ ਕਿ ਬੈਂਕ ਇਸ ਗੇੜ੍ਹ ਵਿਚ ਵਿਆਜ ਦਰਾਂ ਵਿਚ ਹੋਰ ਵਾਧੇ ਨਾ ਕਰੇ।