New York- ਅਮਰੀਕਾ ਨੇ ਅੱਜ ਕਿਹਾ ਹੈ ਕਿ ਰੂਸ ਨੇ ਕਾਲਾ ਸਾਗਰ ਅਨਾਜ ਸਮਝੌਤੇ ’ਤੇ ਵਾਪਸ ਪਰਤਣ ਦੇ ਸੰਕੇਤ ਦਿੱਤੇ ਹਨ। ਸੰਯੁਕਤ ਰਾਸ਼ਟਰ ’ਚ ਅਮਰੀਕੀ ਦੂਤ ਲਿੰਡਾ ਥਾਮਸ ਗ੍ਰੀਨਫੀਲਡ ਨੇ ਕਿਹਾ ਕਿ ਰੂਸ ਇਸ ਸਮਝੌਤੇ ’ਤੇ ਵਾਪਸ ਪਰਤਣ ਲਈ ਤਿਆਰ ਹੈ ਪਰ ਅਸੀਂ ਅਜੇ ਤੱਕ ਇਸ ਦਾ ਸਬੂਤ ਕੋਈ ਨਹੀਂ ਦੇਖਿਆ ਹੈ। ਅਮਰੀਕੀ ਦੂਤ ਨੇ ਕਿਹਾ ਕਿ ਜੇਕਰ ਰੂਸ ਆਪਣੀ ਖਾਦ ਵਿਸ਼ਵੀ ਬਾਜ਼ਾਰ ’ਚ ਲਿਆਉਣਾ ਚਾਹੁੰਦਾ ਹੈ ਅਤੇ ਖੇਤੀਬਾੜੀ ਲੈਣ-ਦੇਣ ਅਸਾਨ ਬਣਾਉਣਾ ਚਾਹੁੰਦਾ ਹੈ ਤਾਂ ਉਸ ਨੂੰ ਇਸ ਸੌਦੇ ’ਤੇ ਵਾਪਸ ਪਰਤਣਾ ਪਏਗਾ। ਦੱਸ ਦਈਏ ਕਿ ਰੂਸ ਨੇ 17 ਜੁਲਾਈ ਨੂੰ ਕਾਲਾ ਸਾਗਰ ਅਨਾਜ ਸਮਝੌਤਾ ਛੱਡ ਦਿੱਤਾ ਸੀ। ਰੂਸ ਨੇ ਕਿਹਾ ਸੀ ਕਿ ਕਾਲਾ ਸਾਗਰ ਅਨਾਜ ਸਮਝੌਤੇ ਤੋਂ ਪਿੱਛੇ ਹਟਣ ਦੇ ਦੋ ਕਾਰਨ ਹਨ। ਪਹਿਲਾ- ਆਪਣੇ ਖ਼ੁਦ ਲਈ ਭੋਜਨ ਅਤੇ ਖਾਦ ਬਰਾਮਦਗੀ ’ਚ ਸੁਧਾਰ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਗਈਆਂ ਅਤੇ ਦੂਜਾ ਯੂਕਰੇਨ ਦਾ ਲੋੜੀਂਦਾ ਅਨਾਜ ਗਰੀਬ ਦੇਸ਼ਾਂ ਤੱਕ ਨਹੀਂ ਪਹੁੰਚ ਰਿਹਾ ਹੈ।