Stockholm- ਸਵੀਡਨ ਦੀ ਮਸ਼ਹੂਰ ਲੜਾਕੂ ਜਹਾਜ਼ ਨਿਰਮਾਤਾ ਕੰਪਨੀ ਸਾਅਬ (SAAB) ਨੇ ਕਿਹਾ ਹੈ ਕਿ ਜੇ ਕੈਨੇਡਾ ਆਪਣੇ ਫੌਜੀ ਬੇੜੇ ਵਿੱਚ ਗ੍ਰਿਪਨ ਫਾਈਟਰ ਜੈੱਟ ਸ਼ਾਮਲ ਕਰਦਾ ਹੈ, ਤਾਂ ਦੇਸ਼ ਵਿੱਚ 10,000 ਤੱਕ ਨਵੀਆਂ ਮੈਨਿਫੈਕਚਰਿੰਗ ਅਤੇ ਰਿਸਰਚ ਨੌਕਰੀਆਂ ਪੈਦਾ ਹੋ ਸਕਦੀਆਂ ਹਨ।
ਸਟੋਕਹੋਮ ਵਿੱਚ ਕੰਪਨੀ ਦੇ ਮੁੱਖ ਦਫ਼ਤਰ ਵਿੱਚ ਇੱਕ ਨਿਊਜ਼ ਚੈਨਲ ਨਾਲ ਗੱਲਬਾਤ ਦੌਰਾਨ, ਸਾਅਬ ਦੇ ਪ੍ਰਧਾਨ ਅਤੇ CEO ਮਿਕਾਏਲ ਜੋਹਾਂਸਨ ਨੇ ਪੁਸ਼ਟੀ ਕੀਤੀ ਕਿ ਉਹ ਓਟਾਵਾ ਨਾਲ ਕੈਨੇਡਾ ਵਿੱਚ ਗ੍ਰਿਪਨ ਜਹਾਜ਼ ਤਿਆਰ ਕਰਨ ਬਾਰੇ ਗੱਲਬਾਤ ਕਰ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਕੈਨੇਡੀਆਈ ਕੰਪਨੀਆਂ ਜਿਵੇਂ ਬੋਮਬਰਡੀਅਰ, CAE, ਅਤੇ ਨੋਵਾ ਸਕੋਸ਼ੀਆ ਦੀ IMP Aerospace and Defence ਇਸ ਪ੍ਰੋਜੈਕਟ ਦਾ ਹਿੱਸਾ ਬਣ ਸਕਦੀਆਂ ਹਨ।
ਕੰਪਨੀ ਨੇ ਇਹ ਵੀ ਕਿਹਾ ਕਿ ਉਹ ਬੋਮਬਰਡੀਅਰ ਵਰਗੀ ਕੰਪਨੀ ਨਾਲ ਜੁਆਇੰਟ ਵੇਂਚਰ ਬਣਾਉਣ ਜਾਂ ਮੌਜੂਦਾ ਸਾਂਝ ਨੂੰ ਹੋਰ ਵੀ ਗਹਿਰਾ ਕਰਨ ਲਈ ਤਿਆਰ ਹੈ। ਇਸ ਦੇ ਤਹਿਤ ਨਵਾਂ ਪਲਾਂਟ ਬਣ ਸਕਦਾ ਹੈ ਜਾਂ ਪਹਿਲਾਂ ਤੋਂ ਮੌਜੂਦ ਸਹੂਲਤ ਨੂੰ ਬਦਲ ਕੇ ਵਰਤਿਆ ਜਾ ਸਕਦਾ ਹੈ।
ਜੇ ਸਮਝੌਤਾ ਹੋ ਗਿਆ, ਤਾਂ 3 ਤੋਂ 5 ਸਾਲ ਵਿੱਚ ਪਹਿਲਾ “Made in Canada” ਗ੍ਰਿਪਨ ਜਹਾਜ਼ ਲਾਈਨ ਤੋਂ ਬਾਹਰ ਆ ਸਕਦਾ ਹੈ।
ਇਹ ਜਹਾਜ਼ ਸਿਰਫ਼ ਕੈਨੇਡੀਅਨ ਆਰਮਡ ਫੋਰਸਜ਼ ਲਈ ਹੀ ਨਹੀਂ ਹੋਣਗੇ, ਸਗੋਂ ਉਹ ਯੂਕਰੇਨ, ਜਿਸ ਨੇ ਪਹਿਲਾਂ ਹੀ 100 ਗ੍ਰਿਪਨਾਂ ਵਿੱਚ ਦਿਲਚਸਪੀ ਦਿਖਾਈ ਹੈ, ਲਈ ਵੀ ਬਣ ਸਕਦੇ ਹਨ।
ਜੋਹਾਂਸਨ ਨੇ ਕਿਹਾ, “ਜੇ ਅਸੀਂ ਯੂਕਰੇਨ ਦੇ ਵੱਡੇ ਆਰਡਰ ਲਈ ਪ੍ਰੋਡਕਸ਼ਨ ਵਧਾਉਣਾ ਹੈ ਤਾਂ ਇਕ ਜਾਂ ਦੋ ਨਵੇਂ ਉਤਪਾਦਨ ਕੇਂਦਰ ਦੀ ਲੋੜ ਹੋਵੇਗੀ। ਕੈਨੇਡਾ ਦੇ ਉਦਯੋਗ ਨਾਲ ਮਿਲ ਕੇ ਇੱਥੇ ਵੱਡਾ ਸੈੱਟਅੱਪ ਬਣਾਉਣਾ ਸਾਡੀ ਲਈ ਵੀ ਫਾਇਦੇਮੰਦ ਹੈ।”
ਉਨ੍ਹਾਂ ਨੇ ਇਹ ਵੀ ਦਰਸਾਇਆ ਕਿ ਸਵੀਡਨ ਦੀ 10 ਮਿਲੀਅਨ ਦੀ ਆਬਾਦੀ ਦੇ ਨਾਲ ਇੰਜਨੀਅਰਾਂ ਦੀ ਗਿਣਤੀ ਸੀਮਿਤ ਹੈ, ਇਸ ਲਈ ਸਮਾਨ ਸੋਚ ਵਾਲੇ ਦੇਸ਼, ਖ਼ਾਸ ਤੌਰ ‘ਤੇ ਆਰਕਟਿਕ ਖੇਤਰ ਨੂੰ ਲੈ ਕੇ ਚਿੰਤਿਤ ਕੈਨੇਡਾ ਨਾਲ ਸਾਂਝ ਬਿਹਤਰ ਹੈ।
ਵਰਤਮਾਨ ਵਿੱਚ ਕੈਨੇਡਾ F-35 ਜਹਾਜ਼ਾਂ ਦੇ 16 ਯੂਨਿਟ ਖਰੀਦਣ ਦਾ ਵਾਅਦਾ ਕਰ ਚੁੱਕਾ ਹੈ, ਅਤੇ ਇਸਨੂੰ 88 ਤੱਕ ਵਧਾਇਆ ਵੀ ਜਾ ਸਕਦਾ ਹੈ। ਇਹ ਜਹਾਜ਼ ਅਮਰੀਕੀ ਕੰਪਨੀ ਲਾਕਹੀਡ ਮਾਰਟਿਨ ਬਣਾਉਂਦੀ ਹੈ। ਹਾਲ ਹੀ ਵਿੱਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਸ ਖਰੀਦ ਦੀ ਸਮੀਖਿਆ ਕਰਨ ਦਾ ਹੁਕਮ ਦਿੱਤਾ ਹੈ, ਜਿਸ ਕਾਰਨ F-35 ਅਤੇ ਗ੍ਰਿਪਨ ਦੀ ਚੋਣ ਹਾਲੇ ਤੈਅ ਨਹੀਂ ਹੋਈ।
ਅਗਲੇ ਹਫ਼ਤੇ ਸਵੀਡਨ ਦੇ ਰਾਜਾ ਕਾਰਲ XVI ਗੁਸਤਾਫ ਅਤੇ ਰਾਣੀ ਸਿਲਵਿਆ ਕੈਨੇਡਾ ਦੇ ਦੌਰੇ ‘ਤੇ ਆ ਰਹੇ ਹਨ। ਉਨ੍ਹਾਂ ਦੇ ਦੌਰੇ ਦਾ ਮੁੱਖ ਉਦੇਸ਼ ਦੋਵੇਂ ਦੇਸ਼ਾਂ ਵਿੱਚ ਰੱਖਿਆ ਅਤੇ ਆਰਥਿਕ ਸਬੰਧ ਮਜ਼ਬੂਤ ਕਰਨਾ ਹੈ। ਜੋਹਾਂਸਨ ਵੀ ਇਸ ਡੇਲੀਗੇਸ਼ਨ ਦਾ ਹਿੱਸਾ ਹੋਣਗੇ ਅਤੇ ਮੋਂਟਰੀਅਲ ਵਿੱਚ ਬੋਮਬਰਡੀਅਰ ਦਾ ਦੌਰਾ ਵੀ ਸ਼ਾਮਲ ਹੈ।
ਹਾਲਾਂਕਿ ਇਹ ਹਾਲੇ ਸਾਫ਼ ਨਹੀਂ ਕਿ ਕੈਨੇਡਾ ਵੱਲੋਂ ਕੋਈ ਵੱਡਾ ਐਲਾਨ ਜਲਦੀ ਹੋਵੇਗਾ ਜਾਂ ਨਹੀਂ।
ਗ੍ਰਿਪਨ ਫਾਈਟਰ ਜੈੱਟ ਪ੍ਰੋਜੈਕਟ ਨਾਲ ਕੈਨੇਡਾ ਵਿੱਚ ਉਦਯੋਗਿਕ ਇਨਕਲਾਬ, 10,000 ਨੌਕਰੀਆਂ ਦੀ ਸੰਭਾਵਨਾ





