ਸ਼੍ਰੋਮਣੀ ਅਕਾਲੀ ਦਲ ਨਹੀਂ ਲੜੇਗਾ ਜ਼ਿਮਨੀ ਚੋਣ, ਵਰਕਿੰਗ ਕਮੇਟੀ ਨੇ ਲਿਆ ਫੈਸਲਾ

ਡੈਸਕ- ਪੰਜਾਬ ਵਿੱਚ 13 ਨਵੰਬਰ ਨੂੰ ਹੋਣ ਜਾ ਰਹੀਆਂ 4 ਵਿਧਾਨ ਸਭਾ ਸੀਟਾਂ ਲਈ ਜ਼ਿਮਨੀ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਹਿੱਸਾ ਨਹੀਂ ਲਵੇਗਾ। ਪਾਰਟੀ ਹੈੱਡ ਕੁਆਟਰ ਵਿਖੇ ਹੋਈ ਵਰਕਿੰਗ ਕਮੇਟੀ ਦੀ ਬੈਠਕ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਬੀਤੇ ਦਿਨ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਨੇ ਸੁਖਬੀਰ ਸਿੰਘ ਬਾਦਲ ਨੂੰ ਧਾਰਮਿਕ ਸਜ਼ਾ ਦੀਵਾਲੀ ਅਤੇ ਬੰਦੀ ਛੋੜ ਦਿਹਾੜੇ ਤੋਂ ਬਾਅਦ ਸੁਣਾਉਣ ਦਾ ਐਲਾਨ ਕੀਤਾ ਸੀ।

ਜਿਸ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਸੀ ਕਿ ਸੁਖਬੀਰ ਬਾਦਲ ਨਾ ਤਾਂ ਪਾਰਟੀ ਦੇ ਨਿਸ਼ਾਨ ਤੇ ਚੋਣ ਲੜ ਸਕਣਗੇ ਅਤੇ ਨਾ ਹੀ ਪਾਰਟੀ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰ ਸਕਣਗੇ। ਅਜਿਹੀ ਸਥਿਤੀ ਵਿੱਚ ਪਾਰਟੀ ਦੇ ਉਮੀਦਵਾਰਾਂ ਨੂੰ ਸਿਆਸੀ ਨੁਕਸਾਨ ਹੋ ਸਕਦਾ ਸੀ। ਜਿਸ ਕਰਕੇ ਪਾਰਟੀ ਲੀਡਰਸ਼ਿਪ ਨੇ ਚੋਣਾਂ ਨਾ ਲੜਣ ਦਾ ਫੈਸਲਾ ਲਿਆ ਹੈ।

ਵਰਕਰ ਚਾਹੁੰਦੇ ਸੀ ਸੁਖਬੀਰ ਬਾਦਲ ਚੋਣ ਲੜਣ
ਅਕਾਲੀ ਦਲ ਦੇ ਲੀਡਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਗਿੱਦੜਵਾਹਾ ਹਲਕੇ ਦੇ ਵਰਕਰ ਚਾਹੁੰਦੇ ਸਨ ਕਿ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਚੋਣ ਲੜਣ। ਪਰ ਪਾਰਟੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰੇਗੀ। ਚੀਮਾ ਨੇ ਮੰਨਿਆ ਕਿ ਚੋਣਾਂ ਵਿੱਚ ਨਾ ਉੱਤਰਣ ਕਾਰਨ ਪਾਰਟੀ ਨੂੰ ਨੁਕਸਾਨ ਹੋਵੇਗਾ ਪਰ ਨਾਲ ਹੀ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਪ੍ਰਮਾਤਮਾ ਦੀ ਰਜ਼ਾ ਵਿੱਚ ਰਹਿੰਦਾ ਹੋਇਆ ਇਹ ਨੁਕਸਾਨ ਵੀ ਚੱਲਣ ਲਈ ਤਿਆਰ ਹੈ।

ਅਸੀਂ ਫੈਸਲੇ ਦੀ ਕਰ ਰਹੇ ਹਾਂ ਉਡੀਕ
ਦਲਜੀਤ ਸਿੰਘ ਚੀਮਾ ਨੇ ਕਿਹਾ ਕਿ 30 ਤਰੀਕ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਬੁਲਾਇਆ ਸੀ ਅਤੇ ਉਹ 31 ਨੂੰ ਹੀ ਪੇਸ਼ ਹੋ ਗਏ ਸਨ। ਹੁਣ ਪਾਰਟੀ ਅਤੇ ਸਾਰੇ ਲੀਡਰ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਦੀ ਉਡੀਕ ਕਰ ਰਹੇ ਹਨ। ਇਸ ਦੇ ਨਾਲ ਹੀ ਚੀਮਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਉਮੀਦਵਾਰ ਲਈ ਵੀ ਮੈਂਬਰਾਂ ਨਾਲ ਗੱਲਬਾਤ ਕਰਕੇ ਜਲਦ ਹੀ ਐਲਾਨ ਕਰ ਦਿੱਤਾ ਜਾਵੇਗਾ।