2024 Presidential Elections : ਵਿਵੇਕ ਰਾਮਾਸਵਾਮੀ ਦੇ ਮੁਰੀਕ ਹੋਏ ਐਲਨ ਮਸਕ, ਤਾਰੀਫ਼ ’ਚ ਆਖੀ ਇਹ ਗੱਲ

Washington- ਅਮਰੀਕਾ ’ਚ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਸਿਆਸਤ ਸਿਖ਼ਰਾਂ ’ਤੇ ਹੈ। ਹਰ ਉਮੀਦਵਾਰ ਖ਼ੁਦ ਨੂੰ ਸਭ ਤੋਂ ਬਿਹਤਰ ਦੱਸ ਰਿਹਾ ਹੈ। ਇਸ ਵਾਰ ਇਸ ਦੌੜ ’ਚ ਭਾਰਤੀ ਮੂਲ ਦੇ ਵੀ ਕਈ ਉਮੀਦਵਾਰ ਸ਼ਾਮਿਲ ਹਨ ਅਤੇ ਇਨ੍ਹਾਂ ’ਚ ਰੀਪਬਲਿਕਨ ਨੇਤਾ ਵਿਵੇਕ ਰਾਮਾਸਵਾਮੀ ਦਾ ਨਾਂ ਵੀ ਸ਼ਾਮਿਲ ਹਨ ਤੇ ਇਸ ਦੌੜ ’ਚ ਉਨ੍ਹਾਂ ਨੂੰ ਕਾਫ਼ੀ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਹੁਣ ਰਾਮਾਸਵਾਮੀ ਦੀ ਤਾਰੀਫ਼ ਟੈਸਲਾ ਦੇ ਮਾਲਕ ਅਤੇ ਅਰਬਪਤੀ ਐਲਨ ਮਸਕ ਨੇ ਵੀ ਕੀਤੀ ਹੈ। ਉਨ੍ਹਾਂ ਨੇ ਉਸ ਨੂੰ ‘ਹੋਣਹਾਰ’ ਕਿਹਾ ਹੈ। X (ਟਵਿੱਟਰ) ’ਤੇ ਸਿਆਸੀ ਟਿੱਪਣੀਕਾਰ ਅਤੇ ਟਾਕ ਸ਼ੋਅ ਹੋਸਟ ਟਕਰ ਕਾਰਲਸਨ ਨਾਲ ਰਾਮਾਸਵਾਮੀ ਦੀ ਇੱਕ ਇੰਟਰਵਿਊ ਨੂੰ ਸਾਂਝਿਆਂ ਕਰਦਿਆਂ ਮਸਕ ਨੇ ਲਿਖਿਆ, ‘‘ਉਹ ਇੱਕ ਬਹੁਤ ਹੀ ਹੋਣਹਾਰ ਉਮੀਦਵਾਰ ਹਨ।’’

ਦੱਸ ਦਈਏ ਕਿ ਅਮਰੀਕਾ ’ਚ ਅਗਲੇ ਸਾਲ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ। 38 ਸਾਲਾ ਰਾਮਾਸਵਾਮੀ ਰਾਸ਼ਟਰਪਤੀ ਅਹੁਦੇ ਲਈ ਸਭ ਤੋਂ ਘੱਟ ਉਮਰ ਦੇ ਉਮੀਦਵਾਰ ਹਨ। ਉਨ੍ਹਾਂ ਨੇ ਫਰਵਰੀ ’ਚ ਰੀਪਬਲਿਕਨ ਰਾਸ਼ਟਰਪਤੀ ਅਹੁਦੇ ਦੀ ਨਾਮਜ਼ਦਗੀ ਮੁਕਾਬਲੇ ’ਚ ਪ੍ਰਵੇਸ਼ ਕੀਤਾ ਸੀ। ਉਹ ਹੁਣ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਫਲੋਰਿਡਾ ਦੇ ਗਵਰਨਰ ਰਾਨ ਡੀਸੈਂਟਿਸ ਤੋਂ ਬਾਅਦ ਤੀਜੇ ਨੰਬਰ ’ਤੇ ਹਨ। ਰਾਮਾਸਵਾਮੀ ਨੂੰ ਰੀਪਬਲਕਿਨ ਪਾਰਟੀ ਦੇ 9 ਫ਼ੀਸਦੀ ਨੇਤਾਵਾਂ ਦਾ ਸਮਰਥਨ ਹਾਸਲ ਹੈ, ਜਦੋਂਕਿ ਟਰੰਪ ਨੂੰ 47 ਫ਼ੀਸਦੀ ਸਮਰਥਨ ਪ੍ਰਾਪਤ ਹੈ। ਇਸ ਤੋਂ ਬਾਅਦ ਰਾਨ ਡੀਸੈਂਟਿਸ ਨੂੰ 19 ਫ਼ੀਸਦੀ ਸਮਰਥਨ ਹਾਸਲ ਹੈ।