ਸੰਯੁਕਤ ਕਿਸਾਨ ਮੋਰਚੇ ਵੱਲੋਂ ਨੌਜਵਾਨ ਦੇ ਕਤਲ ਦੀ ਨਿੰਦਾ

ਨਵੀਂ ਦਿੱਲੀ : ਸਿੰਘੂ ਬਾਰਡਰ ‘ਤੇ ਕਿਸਾਨ ਮੋਰਚੇ ਦੇ ਮੰਚ ਨੇੜਿਉਂ ਮਿਲੀ ਨੌਜਵਾਨ ਦੀ ਲਾਸ਼ ਦੇ ਮਾਮਲੇ ਵਿਚ ਸੰਯੁਕਤ ਕਿਸਾਨ ਮੋਰਚੇ ਦਾ ਕਹਿਣਾ ਹੈ ਕਿ ਇਸ ਕਤਲ ਦੀ ਉਹ ਨਿੰਦਾ ਕਰਦੇ ਹਨ। ਸੰਯੁਕਤ ਕਿਸਾਨ ਮੋਰਚਾ ਦਾ ਕਹਿਣਾ ਹੈ ਕਿ ਨਿਹੰਗ ਜਥੇਬੰਦੀ ਜਾਂ ਮ੍ਰਿਤਕ ਵਿਅਕਤੀ ਦਾ ਸੰਯੁਕਤ ਕਿਸਾਨ ਮੋਰਚੇ ਨਾਲ ਕੋਈ ਸਬੰਧ ਨਹੀਂ ਹੈ।

ਅਸੀਂ ਕਿਸੇ ਵੀ ਧਾਰਮਿਕ ਗ੍ਰੰਥ ਜਾਂ ਚਿੰਨ੍ਹ ਦੀ ਬੇਅਦਬੀ ਦੇ ਵਿਰੁੱਧ ਹਾਂ ਪਰ ਕਿਸੇ ਵੀ ਵਿਅਕਤੀ ਜਾਂ ਸਮੂਹ ਨੂੰ ਇਸ ਅਧਾਰ ‘ਤੇ ਕਾਨੂੰਨ ਨੂੰ ਆਪਣੇ ਹੱਥ ਵਿਚ ਲੈਣ ਦੀ ਇਜਾਜ਼ਤ ਨਹੀਂ ਹੈ।

ਮੋਰਚੇ ਦਾ ਕਹਿਣਾ ਹੈ ਕਿ ਸੰਯੁਕਤ ਕਿਸਾਨ ਮੋਰਚਾ ਕਿਸੇ ਵੀ ਕਾਨੂੰਨੀ ਕਾਰਵਾਈ ਵਿਚ ਪੁਲਿਸ ਤੇ ਪ੍ਰਸ਼ਾਸਨ ਨੂੰ ਸਹਿਯੋਗ ਦੇਵੇਗਾ। ਸੰਯੁਕਤ ਕਿਸਾਨ ਮੋਰਚਾ ਦੇ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਮੋਰਚੇ ਨੂੰ ਧਾਰਮਿਕ ਮੁੱਦਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੀ ਜਾਂਚ ਹੋਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਜਦੋਂ ਅਸੀਂ ਮੌਕੇ ‘ਤੇ ਪਹੁੰਚੇ ਤਾਂ ਕੁਝ ਲੋਕ ਕਹਿ ਰਹੇ ਸਨ ਕਿ ਮ੍ਰਿਤਕ ਨੇ ਮੌਤ ਤੋਂ ਪਹਿਲਾਂ ਸਵੀਕਾਰ ਕਰ ਲਿਆ ਸੀ ਕਿ ਕਿਸੇ ਨੇ ਉਸਨੂੰ ਭੇਜਿਆ ਸੀ ਅਤੇ ਉਸਨੂੰ 30,000 ਰੁਪਏ ਵੀ ਦਿੱਤੇ ਗਏ ਸਨ। ਹਾਲਾਂਕਿ ਇਸ ਦਾ ਕੋਈ ਵੀਡੀਓ ਸਬੂਤ ਨਹੀਂ ਹੈ।

ਸਰਕਾਰ ਨੂੰ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨੀ ਚਾਹੀਦੀ ਹੈ। ਇਸ ਘਟਨਾ ਦਾ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਲਖਬੀਰ ਸਿੰਘ ਵਜੋਂ ਹੋਈ ਹੈ। ਉਹ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਚੀਮਾ ਖੁਰਦ ਦਾ ਵਸਨੀਕ ਸੀ ਅਤੇ ਉਸ ਦੀ ਉਮਰ 35-36 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ।

ਟੀਵੀ ਪੰਜਾਬ ਬਿਊਰੋ