ਜਲੰਧਰ- ਪੰਜਾਬ ਕਾਂਗਰਸ ਪਾਰਟੀ ਚ ਗੁੱਟਬਾਜੀ ਅਜੇ ਵੀ ਖਤਮ ਨਹੀਂ ਹੋਈ ਹੈ । ਨਵਜੋਤ ਸਿੱਧੂ ਦੇ ਜੇਲ੍ਹ ਜਾਣ ਅਤੇ ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ ਸਮੇਤ ਕਈ ਪੁਰਾਣੇ ਚਿਹਰਿਆਂ ਦੇ ਕਾਂਗਰਸ ਪਾਰਟੀ ਛੱਡਣ ਦੇ ਬਾਵਜੂਦ ਪੰਜਾਬ ਕਾਂਗਰਸ ਦੇ ਵਿੱਚ ਸੱਭ ਕੁੱਝ ਠੀਕ ਨਹੀਂ ਹਨ । ਸੁਨੀਲ ਜਾਖੜ ਦੇ ਭਾਜਪਾ ਚ ਜਾਣ ਤੋਂ ਬਾਅਦ ਅਬਹੋਰ ਤੋਂ ਕਾਂਗਰਸ ਦੇ ਵਿਧਾਇਕ ਅਤੇ ਉਨ੍ਹਾਂ ਦੇ ਭਤੀਜੇ ਸੰਦੀਪ ਜਾਖੜ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਿਸ਼ਾਨੇ ‘ਤੇ ਹਨ । ਜਾਖੜ ਦੇ ਹਲਕੇ ਅਬੋਹਰ ਚ ਜਾ ਕੇ ਪ੍ਰਧਾਨ ਰਾਜਾ ਵੜਿੰਗ ਵਲੋਂ ਉਨ੍ਹਾਂ ਖਿਲਾਫ ਬਿਆਨਬਾਜੀ ਕਰਨ ‘ਤੇ ਵਿਧਾਇਕ ਜਾਖੜ ਭੜਕ ਗਏ ਹਨ ।
ਰਾਜਾ ਵੜਿੰਗ ਦੀ ਬਿਆਨਬਾਜੀ ‘ਤੇ ਸੰਦੀਪ ਜਾਖੜ ਨੇ ਵੀ ਪੰਜਾਬ ਪ੍ਰਧਾਨ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ ।ਜਾਖੜ ਦਾ ਕਹਿਣਾ ਹੈ ਕਿ ਵੜਿੰਗ ਬਤੌਰ ਪ੍ਰਧਾਨ ਪਾਰਟੀ ਦੇ ਅੰਦਰ ਗੁੱਟਬਾਜ਼ੀ ਪੈਦਾ ਕਰ ਰਹੇ ਹਨ । ਸੰਦੀਪ ਜਾਖੜ ਨੇ ਕਿਹਾ ਕਿ ਜੇਕਰ ਵੜਿੰਗ ਨੂੰ ਉਨ੍ਹਾਂ ਤੋਂ ਕੋਈ ਪਰੇਸ਼ਾਨੀ ਹੈ ਤਾਂ ਸਿੱਧੀ ਗੱਲ ਕਰਨ । ਕਾਂਗਰਸੀ ਵਿਧਾਇਕ ਨੇ ਪੰਜਾਬ ਕਾਂਗਰਸ ਪ੍ਰਧਾਨ ਨੂੰ ਚੈਲੇਂਜ ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਚ ਹਿੰਮਤ ਹੈ ਤਾਂ ਉਨ੍ਹਾਂ ਨੂੰ ਪਾਰਟੀ ਚੋਂ ਕੱਢ ਕੇ ਵਿਖਾਉਣ । ਕੁੱਝ ਅਜਿਹਾ ਹੀ ਬਿਆਨ ਵਿਧਾਇਕ ਰਾਣਾ ਗੁਰਜੀਤ ਨੇ ਚੋਣਾ ਤੋਂ ਪਹਿਲਾਂ ਤਤਕਾਲੀ ਪ੍ਰਧਾਨ ਨਵਜੋਤ ਸਿੱਧੂ ਨੂੰ ਲੈ ਕੇ ਦਿੱਤਾ ਸੀ ।
ਕਾਂਗਰਸ ਪਾਰਟੀ 78 ਵਿਧਾਇਕਾਂ ਤੋਂ 18 ‘ਤੇ ਪੁੱਜ ਗਈ ਹੈ ।ਇਹ ਸਥਿਤੀ ਦੇ ਬਾਵਜੂਦ ਵੀ ਕਾਂਗਰਸ ਹਾਈਕਮਾਨ ਸੂਬੇ ਦੇ ਲੀਡਰਾਂ ਨੂੰ ਇਕਜੁੱਟ ਨਹੀਂ ਕਰ ਪਾ ਰਹੀ ਹੈ ।