ਜਲੰਧਰ- ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਮਰਡਰ ਨੂੰ ਪੰਜਾਬ ਪੁਲਿਸ ਨੇ ਸੁਲਝਾ ਲਿਆ ਹੈ।ਇਸ ਕਤਲ ਦੇ ਤਾਰ ਕੈਨੇਡਾ ਨਾਲ ਜੁੜੇ ਹੋਏ ਹਨ।ਪੰਜਾਬ ਪੁਲਿਸ ਨੇ ਫਿਲਹਾਲ ਚਾਰ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ।ਹਤਿਆਕਾਂਡ ਦਾ ਮਾਸਟਰ ਮਾਈਂਡ ਕੈਨੇਡਾ ਵਾਸੀ ਸਨੋਵਰ ਢਿੱਲੋਂ ਦੱਸਿਆ ਗਿਆ ਹੈ ਜੋਕਿ ਪੰਜਾਬ ਦੇ ਅੰਮ੍ਰਿਤਸਰ ਦਾ ਵਸਨੀਕ ਹੈ.ਸਨੋਵਰ ਕੈਨੇਡਾ ਚ ਹੀ ਟੀ.ਵੀ ਅਤੇ ਰੇਡੀਓ ਸ਼ੋਅ ਚਲਾਉਂਦਾ ਹੈ।ਪੰਜਾਬ ਪੁਲਿਸ ਦੇ ਡੀ.ਜੀ.ਪੀ ਵੀ.ਕੇ ਭੰਵਰਾ ਵਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ।
ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਫਤਿਹ ਸਿੰਘ ਉਰਫ ਯੁਵਰਾਜ ਸਿੰਘ ਵਾਸੀ ਸੰਗਰੂਰ,ਕੋਸ਼ਲ ਚੌਧਰੀ ਨਾਹਰਪੁਰ ਰੂਪਾ ਹਰਿਆਣਾ,ਅਮਿਤ ਡਾਗਰ ਪਿੰਡ ਮਹੇਸ਼ਪੁਰ ਪਲਵਾਂ ਹਰਿਆਣਾ ਅਤੇ ਸਿਮਰਨਜੀਤ ਸਿੰਘ ਉਰਫ ਜੁਝਾਰ ਸਿੰਘ ਉਰਫ ਗੈਂਗਸਟਰ ਪਿੰਡ ਮਾਧੋਪੁਰ ਪੀਲੀਭੀਤ ਯੂ.ਪੀ ਵਜੋਂ ਹੋਈ ਹੈ।ਕਾਬੂ ਕੀਤੇ ਗਏ ਸਾਰੇ ਮੁਲਜ਼ਮ ਹਿਸਟਰੀਸ਼ੀਟਰ ਹਨ ਅਤੇ ਇਨ੍ਹਾਂ ‘ਤੇ ਦਰਜਨ ਤੋਂ ਵੱਧ ਮੁਕੱਦਮੇ ਚਲ ਰਹੇ ਹਨ।ਇਨ੍ਹਾਂ ਸਾਰਿਆਂ ਨੂੰ ਵੱਖ ਵੱਖ ਜੇਲ੍ਹਾਂ ਤੋਂ ਪ੍ਰੌਡਕਸ਼ਨ ਵਾਰੰਟ ‘ਤੇ ਲਿਆਉਂਦਾ ਗਿਆ ਸੀ।
ਸੰਦੀਪ ਨੰਗਲ ਦੀ ਹੱਤਿਆ ਦੀ ਸਾਜਿਸ਼ ਰਚਨ ਵਾਲੇ ਤਿੰਨ ਲੋਕਾਂ ਨੂੰ ਵੀ ਇਸ ਕੇਸ ਚ ਜੋੜਿਆ ਗਿਆ ਹੈ।ਪਹਿਲਾਂ ਤੋਂ ਹੀ ਜਿਸ ਗੱਲ ਦਾ ਖਦਸ਼ਾ ਜਤਾਇਆ ਜਾ ਰਿਹਾ ਸੀ।ਸੰਦੀਪ ਦੇ ਕਤਲ ਦੇ ਤਾਰ ਵਿਦੇਸ਼ ਨਾਲ ਜੁੜੇ ਪਾਏ ਗਏ ਹਨ।ਕੈਨੇਡਾ ਦੇ ਬਰੈਂਪਟਨ ਓਨਟਾਰੀਓ ਦਾ ਰਹਿਣ ਵਾਲਾ ਸਨੋਵਰ ਢਿੱਲੋਂ ਇਸ ਹਤਿਆਕਾਂਡ ਦਾ ਮਾਸਟਰ ਮਾਈਂਡ ਦੱਸਿਆ ਗਿਆ ਹੈ।ਇਸੇ ਤਰ੍ਹਾਂ ਉਸਦਾ ਕੈਨੇਡਾ ਦਾ ਦੂਜਾ ਸਾਥੀ ਸੁਖਵਿੰਦਰ ਸਿੰਘ ਸੁੱਖਾ ਅਤੇ ਮਲੇਸ਼ੀਆ ਦਾ ਜਗਜੀਤ ਸਿੰਘ ਉਰਫ ਗਾਂਧੀ ਹੈ।ਇਨ੍ਹਾਂ ਤਿੰਨਾ ਵਲੋਂ ਹੀ ਸੰਦੀਪ ਨੂੰ ਮਾਰਨ ਦੀ ਸਾਜਿਸ਼ ਰਚੀ ਗਈ ਸੀ।
ਜ਼ਿਕਰਯੋਗ ਹੈ ਕਿ 14 ਮਾਰਚ ਨੂੰ ਪਿੰਡ ਮੱਲੀਆਂ ਚ ਚੱਲ ਰਹੇ ਕਬੱਡੀ ਟੂਰਣਾਮੈਂਟ ਦੌਰਾਨ ਕੁੱਝ ਅਣਪਛਾਤੇ ਲੋਕਾਂ ਵਲੋਂ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੀ ਦਿਨ ਦਿਹਾੜੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।ਪੁਲਿਸ ਸ਼ੁਰੂ ਤੋਂ ਹੀ ਇਸ ਨੂੰ ਕਬੱਡੀ ਚ ਗੈਂਗਸਟਰਾਂ ਦੀ ਦਖਲਅੰਦਾਜ਼ੀ ਦੇ ਐਂਗਲ ਨਾਲ ਜਾਂਚ ਰਹੀ ਸੀ।ਡੀ.ਜੀ.ਪੀ ਭੰਵਰਾ ਨੇ ਜਲੰਧਰ ਦਿਹਾਤੀ ਦੇ ਐੱਸ.ਐੱਸ.ਪੀ ਸਤਿੰਦਰ ਸਿੰਘ ਅਤੇ ਉਨ੍ਹਾਂ ਦੀ ਪੂਰੀ ਟੀਮ ਦੀ ਸ਼ਲਾਘਾ ਕੀਤੀ ਹੈ।