ਜੰਗਲੀ ਅੱਗ ਨਾਲ ਜੂਝ ਰਹੇ ਸ਼ੁਸਵੈਪ ’ਚ ਪ੍ਰਦਰਸ਼ਨ ਕਾਰਨ ਵਿਗੜੇ ਹਾਲਤ

Victoria- ਬੁੱਧਵਾਰ ਰਾਤੀਂ ਬ੍ਰਿਟਿਸ਼ ਕੋਲੰਬੀਆ ਦੇ ਸ਼ੁਸਵੈਪ ਇਲਾਕੇ ’ਚ ਮਾਹੌਲ ਉਸ ਵੇਲੇ ਤਣਾਅਪੂਰਨ ਹੋ ਗਿਆ, ਜਦੋਂ ਇੱਥੇ ਕੁਝ ਲੋਕਾਂ ਨੇ ਜੰਗਲ ਦੀ ਅੱਗ ਦੇ ਚੱਲਦਿਆਂ ਲਾਗੂ ਕੀਤੇ ਗਏ ਨਿਕਾਸੀ ਹੁਕਮਾਂ ਪਾਲਣਾ ਕਰਨ ਤੋਂ ਇਨਕਾਰ ਦਿੱਤਾ। ਇਸ ਦੌਰਾਨ ਲੋਕਾਂ ਵਲੋਂ ਪ੍ਰਦਰਸ਼ਨ ਕੀਤਾ ਗਿਆ ਅਤੇ ਉਨ੍ਹਾਂ ਨੇ ਪੁਲਿਸ ਵਲੋਂ ਬੰਦ ਕੀਤੇ ਗਏ ਟਰਾਂਸ-ਕੈਨੇਡਾ ਹਾਈਵੇਅ ਨੂੰ ਵੀ ਪਾਸ ਕਰਨ ਦੀ ਕੋਸ਼ਿਸ਼ ਕੀਤੀ ਗਈ।
ਇਸ ਤਣਾਅ ਦੇ ਚੱਲਦਿਆਂ ਇਲਾਕੇ ’ਚ ਜੰਗਲੀ ਅੱਗ ’ਤੇ ਕਾਬੂ ਪਾਉਣ ਲਈ ਮੁਸ਼ੱਕਤ ਕਰ ਰਹੇ ਫਾਇਰਫਾਈਟਰਜ਼ਾਂ ਨੂੰ ਵੀ ਇੱਥੋਂ ਹਟਾ ਲਿਆ ਗਿਆ। ਸੋਸ਼ਲ ਮੀਡੀਆ ’ਤੇ ਪੋਸਟ ਕੀਤੀਆਂ ਗਈਆਂ ਇਸ ਘਟਨਾ ਦੀਆਂ ਲਾਈਵ ਵੀਡੀਓਜ਼ ’ਚ ਲਗਭਗ 20 ਪ੍ਰਦਰਸ਼ਨਕਾਰੀਆਂ ਨੂੰ ਸੋਰੈਂਟੋ ’ਚ ਝੀਲ ਦੇ ਕਿਨਾਰੇ ਪੁਲਿਸ ਦੀਆਂ ਕਾਰਾਂ ਦੀ ਨਾਕਾਬੰਦੀ ਦਾ ਸਾਹਮਣਾ ਕਰਦੇ ਹੋਇਆ ਦੇਖਿਆ ਗਿਆ। ਕੁਝ ਪ੍ਰਦਰਸ਼ਨਕਾਰੀਆਂ ਨੇ ਸਿੱਧੇ ਤੌਰ ’ਤੇ ਇਹ ਕਿਹਾ ਕਿ ਉਹ ਨਹੀਂ ਮੰਨਦੇ ਕਿ ਸਿਆਸਤਦਾਨਾਂ ਨੂੰ ਉਨ੍ਹਾਂ ਨੂੰ ਸੜਕ ਦੀ ਵਰਤੋਂ ਕਰਨ ਤੋਂ ਰੋਕਣ ਦਾ ਅਧਿਕਾਰ ਹੈ ਅਤੇ ਆਰ. ਸੀ. ਐਮ. ਪੀ. ਵਲੋਂ ਇਸ ਨੂੰ ਰੋਕਣਾ ਗ਼ੈਰ-ਕਾਨੂੰਨੀ ਹੈ। ਇਸ ਗਰੁੱਪ ਵਲੋਂ ਇਵੈਕੁਏਸ਼ਨ ਜ਼ੋਨ ਦੇ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਅਤੇ ਗਰੁੱਪ ਦੇ ਲੋਕਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਜਾਇਦਾਦਾਂ ਦੇ ਮਾਲਕਾਂ ਦਾ ਸਮਰਥਨ ਕਰਨ ਦੀ ਯੋਜਨਾ ਬਣਾਈ ਹੈ, ਜਿਹੜੇ ਕਿ ਅਜੇ ਵੀ ਅੰਦਰ ਅੱਗ ਨਾਲ ਲੜ ਰਹੇ ਹਨ। ਕਰੀਬ ਇੱਕ ਘੰਟੇ ਬਾਅਦ ਇਹ ਗਰੁੱਪ ਬਿਨਾਂ ਕਿਸੇ ਹਿੰਸਾ ਦੇ ਖਿੰਡ ਗਿਆ।
ਅਧਿਕਾਰੀਆਂ ਨੇ ਬ੍ਰਿਟਿਸ਼ ਕੋਲੰਬੀਆ ਦੇ ਵਸਨੀਕਾਂ ਨੂੰ ਇਹ ਅਪੀਲ ਕੀਤੀ ਕਿ ਜੰਗਲੀ ਅੱਗ ਦੇ ਚੱਲਦਿਆਂ ਸ਼ੁਸਵੈਪ ’ਚ ਜਾਰੀ ਕੀਤੇ ਗਏ ਨਿਕਾਸੀ ਹੁਕਮਾਂ ਦੀ ਪਾਲਣਾ ਕਰਨ। ਦੱਸਣਯੋਗ ਹੈ ਕਿ ਬੀ. ਸੀ. ਵਾਇਲਡ ਫਾਇਰ ਸਰਵਿਸ ਦੇ ਮੈਂਬਰ 410 ਵਰਗ-ਕਿਲੋਮੀਟਰ ਦੇ ਦਾਇਰੇ ’ਚ ਫੈਲੀ ਬੁਸ਼ ਕ੍ਰੀਕ ਈਸਟ ਅੱਗ ਨਾਲ ਲਗਾਤਾਰ ਲੜ ਰਹੇ ਹਨ, ਜਿਸ ਨੇ ਇੱਥੇ ਅਣਗਿਣਤ ਜਾਇਦਾਦਾਂ ਨੂੰ ਨੁਕਸਾਨ ਪਹੁੰਚਾਇਆ ਹੈ ਅਤੇ ਲਗਭਗ 11,000 ਲੋਕਾਂ ਨੂੰ ਇਸ ਕਾਰਨ ਆਪਣੇ ਘਰ ਛੱਡਣ ਲਈ ਮਜ਼ਬੂਰ ਹੋਣਾ ਪਿਆ ਹੈ।