ਜੀ.20 ਸਿਖਰ ਸੰਮੇਲਨ ਨੂੰ ਲੈ ਕੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕਾਫ਼ੀ ਸੁਰਖੀਆਂ ’ਚ ਹਨ। ਪਹਿਲਾਂ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੋਈ ਬੈਠਕ ’ਚ ਕਈ ਮੁੱਦਿਆਂ ਨੂੰ ਲੈੈ ਕੇ ਦੋਹਾਂ ਦੇਸ਼ਾਂ ਵਿਚਾਲੇ ਤਲਖੀ ਸਾਫ਼ ਨਜ਼ਰ ਆਈ ਅਤੇ ਫਿਰ ਦਿੱਲੀ ਤੋਂ ਉਡਾਣ ਭਰਨ ਵੇਲੇ ਜਹਾਜ਼ ’ਚ ਤਕਨੀਕੀ ਖ਼ਰਾਬੀ ਨੇ ਕਿਤੇ ਨਾ ਕਿਤੇ ਇਸ ਸੰਮੇਲਨ ਦੌਰਾਨ ਚਰਚਾ ਦਾ ਮੁੱਖ ਵਿਸ਼ਾ ਬਣਾ ਦਿੱਤਾ। ਇਸੇ ਵਿਚਾਲੇ ਹੁਣ ਸਸਕੈਚਵਨ ਦੇ ਪ੍ਰੀਮੀਅਰ ਸਕੌਟ ਮੋਅ ਦੀ ਸਰਕਾਰ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ‘ਤੇ ਭਾਰਤ ਨਾਲ ਸੰਬੰਧ ਖ਼ਰਾਬ ਕਰਨ ਦਾ ਦੋਸ਼ ਲਾਇਆ ਹੈ।
ਉਨ੍ਹਾਂ ਕਿਹਾ ਕਿ ਭਾਰਤ ਨਾਲ ਕੈਨੇਡਾ ਦੀ ਵਪਾਰਕ ਗੱਲਬਾਤ ਦੇ ਮੁੱਦੇ ‘ਤੇ ਸੂਬਿਆਂ ਨੂੰ ਹਨੇਰੇ ਵਿਚ ਰੱਖਿਆ ਜਾ ਰਿਹਾ ਹੈ। ਪ੍ਰੀਮੀਅਰ ਮੋਅ ਵਲੋਂ ਸੋਮਵਾਰ ਨੂੰ ਜਾਰੀ ਕੀਤੇ ਗਏ ਇੱਕ ਪੱਤਰ ਵਿਚ, ਸਸਕੈਚਵਨ ਦੇ ਵਪਾਰ ਮੰਤਰੀ ਜੈਰੇਮੀ ਹੈਰੀਸਨ ਨੇ ਦਲੀਲ ਦਿੱਤੀ ਹੈ ਕਿ ਜਸਟਿਨ ਟਰੂਡੋ ਘਰੇਲੂ ਸਿਆਸੀ ਲਾਭ ਲਈ ਸਸਕੈਚਵਨ ਦੇ ਨਿਰਯਾਤ ਦੀ ਸਭ ਤੋਂ ਵੱਡੀ ਮੰਡੀ ਭਾਰਤ ਨੂੰ, ਦਾਅ ‘ਤੇ ਲਾ ਰਹੇ ਹਨ।
ਹੈਰੀਸਨ ਦਾ ਦਾਅਵਾ ਹੈ ਕਿ ਸੂਬੇ ਨੂੰ ਮੀਡੀਆ ਰਿਪੋਰਟਾਂ ਰਾਹੀਂ ਪਤਾ ਲੱਗਾ ਕਿ ਕੈਨੇਡਾ ਨੇ ਭਾਰਤ ਨਾਲ ਵਪਾਰਕ ਗੱਲਬਾਤ ਨੂੰ ਰੋਕਿਆ ਹੈ। ਉਨ੍ਹਾਂ ਕਿਹਾ ਕਿ ਜੁਲਾਈ ਦੇ ਅਖ਼ੀਰ ਵਿਚ ਇਸ ਬਾਬਤ ਕੈਨੇਡਾ ਦੀ ਵਪਾਰ ਮੰਤਰੀ ਮੈਰੀ ਇੰਗ ਨੂੰ ਪੱਤਰ ਭੇਜਿਆ ਗਿਆ ਸੀ, ਜਿਸ ਦਾ ਅਜੇ ਤੱਕ ਜਵਾਬ ਨਹੀਂ ਆਇਆ ਹੈ। ਲਿਬਰਲ ਸਰਕਾਰ ਵੱਲੋਂ ਵਪਾਰ ਸਬੰਧੀ ਗੱਲਬਾਤ ਰੋਕਣ ਦਾ ਕੋਈ ਸਪਸ਼ਟ ਕਾਰਨ ਨਹੀਂ ਦਿੱਤਾ ਗਿਆ ਹੈ।