ਡੈਸਕ- ਪੰਜਾਬ ਦੇ ਕਈ ਹਿੱਸਿਆਂ ਚ ਬਣੇ ਹੜ੍ਹ ਵਰਗੇ ਹਾਲਾਤਾਂ ਦਾ ਅਸਰ ਬੱਚਿਆਂ ਦੀ ਪੜਾਈ ‘ਤੇ ਪੈ ਰਿਹਾ ਹੈ। ਕਈ ਸਕੂਲ ਅਜਿਹੇ ਹੀ ਹਨ ਜੋ ਭਾਰੀ ਬਰਸਾਤ ਤੋਂ ਬਾਅਦ ਅਜੇ ਤਕ ਖੋਲੇ ਨਹੀਂ ਗਏ ਹਨ। ਪੰਜਾਬ ਵਿਚ ਮੀਂਹ ਕਾਰਨ ਹਾਲਾਤ ਕਈ ਜ਼ਿਲ੍ਹਿਆਂ ਵਿਚ ਕਾਫੀ ਖਰਾਬ ਹਨ। ਲਗਾਤਾਰ ਪੈ ਰਹੇ ਮੀਂਹ ਕਾਰਨ ਨਦੀਆਂ, ਨਾਲੇ, ਡੈਮ ਉਫਾਨ ‘ਤੇ ਹਨ। ਭਾਵੇਂ ਸੂਬਾ ਸਰਕਾਰ ਵੱਲੋਂ ਸਕੂਲ ਤਾਂ ਖੋਲ੍ਹ ਦਿੱਤੇ ਗਏ ਹਨ ਪਰ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਹ ਵੀ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਜਿਹੜੇ ਇਲਾਕਿਆਂ ਵਿਚ ਹੜ੍ਹ ਨਾਲ ਸਕੂਲ ਪ੍ਰਭਾਵਿਤ ਹੋਏ ਹਨ, ਉਥੇ ਡੀਸੀ ਵੱਲੋਂ ਸਕੂਲ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਜਾ ਸਕਦੇ ਹਨ।
ਇਸੇ ਦੇ ਮੱਦੇਨਜ਼ਰ ਜ਼ਿਲ੍ਹਾ ਮਾਨਸਾ ਦੇ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਰਿਸ਼ੀਪਾਲ ਸਿੰਘ ਨੇ ਦੱਸਿਆ ਕਿ ਬੁਢਲਾਡਾ ਦੇ ਨੇੜੇ ਚਾਂਦਪੁਰਾ ਵਿਖੇ ਘੱਗਰ ਵਿਚ ਪਾੜ ਪੈਣ ਕਾਰਨ ਕੁਝ ਪਿੰਡਾਂ ਤੇ ਸ਼ਹਿਰਾਂ ਵਿਚ ਪਾਣੀ ਦਾ ਪੱਧਰ ਕਾਫੀ ਵੱਦ ਗਿਆ ਹੈ। ਕੁਝ ਸਕੂਲਾਂ ਤੇ ਇਲਾਕਿਆਂ ਵਿਚ ਪਾਮੀ ਭਰ ਗਿਆ ਹੈ। ਇਸ ਲਈ ਉਨ੍ਹਾਂ ਨੇ ਹੁਕਮ ਜਾਰੀ ਕੀਤਾ ਹੈ ਕਿ ਜਿਹੜੇ ਸਕੂਲਾਂ ਵਿਚ ਇਮਾਰਤ ਨੁਕਸਾਨੀ ਗਈ ਹੋਵੇ ਉਥੇ ਛੁੱਟੀ ਐਲਾਨੀ ਜਾਵੇ।
ਬੁਢਲਾਡਾ ਦੇ ਪਿੰਡਾਂ ਗੋਰਖਨਾਥ, ਬੀਰੇਵਾਲਾ ਡੋਗਰਾ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੁਲਰੀਆਂ ਅਤੇ ਸਰਦੂਲਗੜ੍ਹ ਦੇ ਪਿੰਡ ਰੋੜਕੀ, ਸਾਧੂਵਾਲਾ,ਫੂਸਮੰਡੀ, ਖੈਰਾ ਖੁਰਦ ਅਤੇ ਸਰਦੂਲਗੜ੍ਹ ਦੇ ਸਰਕਾਰੀ ਸੈਕੰਡਰੀ ਸਕੂਲ ਲੜਕੇ ਵਿਚ 26 ਜੁਲਾਈ 2023 ਤੱਕ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ ਤੇ ਇਸ ਤੋਂ ਬਾਅਦ ਹਾਲਾਤ ਨੂੰ ਦੇਖਦੇ ਹੋਏ ਨਵੇਂ ਹੁਕਮ ਡੀਸੀ ਵੱਲੋਂ ਜਾਰੀ ਕੀਤੇ ਜਾਣਗੇ।
ਇਸੇ ਤਰ੍ਹਾਂ ਜਲੰਧਰ ਦੇ ਸ਼ਾਹਕੋਟ ਦੀ ਤਹਿਸੀਲ ਲੋਹੀਆਂ ਵਿਚ ਹੜ੍ਹ ਪ੍ਰਭਾਵਿਤ ਖੇਤਰ ਦੇ 4 ਸਕੂਲਾਂ ਵਿਚ ਜ਼ਿਲ੍ਹਾ ਪ੍ਰਸ਼ਾਸਨ ਨੇ ਛੁੱਟੀਆਂ ਵਧਾ ਦਿੱਤੀਆਂ ਹਨ। ਡੀਸੀ ਵਿਸ਼ੇਸ਼ ਸਾਰੰਗਲ ਨੇ ਸੀਨੀਅਰ ਪ੍ਰਾਇਮਰੀ ਸਕੂਲ ਮੁੰਡੀ ਚੌਹਲੀਆਂ, ਸੀਨੀਅਰ ਪ੍ਰਾਇਮਰੀ ਸਕੂਲ ਮੁੰਡੀ ਸ਼ਹਿਰੀਆਂ ਤੇ ਸਰਕਾਰੀ ਸਕੂਲ ਧੱਕਾ ਬਸਤੀ, ਸੀਨੀਅਰ ਪ੍ਰਾਇਮਰੀ ਸਕੂਲ ਮੁੰਡੀ ਕਾਸੂ ਦੇ ਸਕੂਲ 26 ਜੁਲਾਈ ਤੱਕ ਬੰਦ ਰੱਖਣ ਦੇ ਹੁਕਮ ਦਿੱਤੇ ਹਨ। ਹੁਕਮ ਵਿਚ ਕਿਹਾ ਹੈ ਕਿ ਚਾਰੋਂ ਸਕੂਲਾਂ ਵਿਚ ਫਿਲਹਾਲ ਛੁੱਟੀਆਂ ਕੀਤੀਆਂ ਜਾ ਰਹੀਆਂ ਹਨ ਕਿਉਂਕਿ ਪਿੰਡ ਵਿਚ ਹੜ੍ਹ ਦਾ ਪਾਣੀ ਭਰਿਆ ਹੈ। ਘਰ ਸਕੂਲ ਸਾਰਾ ਕੁਝ ਪਾਣੀ ਵਿਚ ਡੁੱਬਿਆ ਹੋਇਆ ਹੈ। ਇਥੇ ਜਨਜੀਵਨ ਬੁਰੀ ਤਰ੍ਹਾਂ ਤੋਂ ਪ੍ਰਭਾਵਿਤ ਹੋਇਆ ਹੈ। ਲੋਕਾਂ ਦ ਜਾਨ-ਮਾਲ ਦੀ ਸੁਰੱਖਿਆ ਦੇ ਮੱਦੇਨਜ਼ਰ ਸਕੂਲਾਂ ਨੂੰ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਹੈ।
ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਕਪੂਰਥਲਾ ਕੈਪਟਨ ਕਰਨੈਲ ਸਿੰਘ ਨੇ ਫ਼ੌਜਦਾਰੀ ਸੰਘਤਾ 1973 ਦੀ ਧਾਰਾ 144 ਦੀ ਵਰਤੋਂ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ (ਪ੍ਰਾਇਮਰੀ/ਸੈਕੰਡਰੀ) ਤੋਂ ਪ੍ਰਾਪਤ ਰਿਪੋਰਟ ਅਨੁਸਾਰ ਜ਼ਿਲ੍ਹਾ ਕਪੂਰਥਲਾ ਦੇ ਬਲਾਕ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਖੇਤਰ ਦੇ 2 ਸਕੂਲ ਜਿਨ੍ਹਾਂ ਵਿਚ ਸਰਕਾਰੀ ਹਾਈ ਸਕੂਲ ਬਾਊਪੁਰ ਜਦੀਦ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਬਾਊਪੁਰ ਜਦੀਦ ਨੂੰ 24 ਜੁਲਾਈ ਤੋਂ 26 ਜੁਲਾਈ ਤੱਕ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ। ਹੁਕਮਾਂ ਵਿਚ ਕਿਹਾ ਗਿਆ ਹੈ ਕਿ ਇਨ੍ਹਾਂ ਸਕੂਲਾਂ ਦੇ ਸਟਾਫ਼ ਆਪਣੀ ਹਾਜ਼ਰੀ ਸਰਕਾਰੀ ਹਾਈ ਅਤੇ ਪ੍ਰਾਇਮਰੀ ਸਕੂਲ ਲੱਖਵਰਿਆਂਹ ਵਿਖੇ ਲਗਾਏਗਾ।