ਪੰਜਾਬ ’ਚ ਖੁੱਲਿਆ ਪਹਿਲਾ ਸਕੂਲ ਆਫ ਐਮੀਨੈਂਸ, ਕੇਜਰੀਵਾਲ- ਮਾਨ ਨੇ ਕੀਤਾ ਉੁਦਘਾਟਨ

ਡੈਸਕ- ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਛੇਹਰਟਾ ਵਿਖੇ ਪੰਜਾਬ ਦੇ ਪਹਿਲੇ ਸਕੂਲ ਆਫ ਐਮੀਨੈਂਸ ਦਾ ਉਦਘਾਟਨ ਕੀਤਾ ਹੈ। ਪੰਜਾਬ ਸਰਕਾਰ ਨੇ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਵਿੱਚ ਸਕੂਲ ਆਫ ਐਮੀਨੈਂਸ ਖੋਲ੍ਹਣ ਦਾ ਐਲਾਨ ਕੀਤਾ ਹੈ। ਇਸ ਦੀ ਸ਼ੁਰੂਆਤ ਅੱਜ ਕੇਜਰੀਵਾਲ ਨੇ ਕੀਤੀ ਹੈ।ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਇਸ ਨੂੰ ਸਿੱਖਿਆ ਕ੍ਰਾਂਤੀ ਦੀ ਸ਼ੁਰੂਆਤ ਕਰਾਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਸਕੂਲ ਆਫ ਐਮੀਨੈਂਸ ਪ੍ਰਾਈਵੇਟ ਸਕੂਲਾਂ ਨੂੰ ਟੱਕਰ ਦੇਣਗੇ ਤੇ ਇੱਥੇ ਹਰ ਵਰਗ ਦੇ ਬੱਚੇ ਇਕੱਠੇ ਬੈਠ ਕੇ ਪੜ੍ਹਾਈ ਕਰਨਗੇ। ਇਹ ਹੀ ਸਿੱਖਿਆ ਕ੍ਰਾਂਤੀ ਦੀ ਸ਼ੁਰੂਆਤ ਹੈ।

ਇਸ ਤੋਂ ਪਹਿਲਾਂ ਅੱਜ ਸਵੇਰੇ ਕੇਜਰੀਵਾਲ ਨੇ ਟਵੀਟ ਕਰਕੇ ਕਿਹਾ ਹੈ ਕਿ ਅੱਜ ਤੋਂ ਮੈਂ ਪੰਜਾਬ ਦੇ ਤਿੰਨ ਦਿਨਾਂ ਦੌਰੇ ‘ਤੇ ਹਾਂ। ਭਗਵੰਤ ਮਾਨ ਜੀ ਨੇ ਪੰਜਾਬ ਦਾ ਪਹਿਲਾ ਸਕੂਲ ਆਫ਼ ਐਮੀਨੈਂਸ ਬਣਾਇਆ ਹੈ। ਅੱਜ ਉਨ੍ਹਾਂ ਨਾਲ ਉਸ ਦਾ ਉਦਘਾਟਨ ਕਰਾਂਗੇ। ਹੁਣ ਪੰਜਾਬ ਦੇ ਗਰੀਬ ਲੋਕਾਂ ਨੂੰ ਵੀ ਚੰਗੀ ਸਿੱਖਿਆ ਮਿਲਣ ਲੱਗੇਗੀ। ਇੱਕ ਗਰੀਬ ਬੱਚੇ ਨੂੰ ਚੰਗੀ ਸਿੱਖਿਆ ਮਿਲੇ, ਉਸ ਵਿੱਚ ਅਸੀਂ ਭਾਗੀਦਾਰ ਹੋਈਏ, ਇਸ ਤੋਂ ਵੱਡਾ ਕੋਈ ਪੁੰਨ ਦਾ ਕੰਮ ਨਹੀਂ। ਇਸ ਤੋਂ ਵੱਡਾ ਰਾਸ਼ਟਰ ਨਿਰਮਾਣ ਦਾ ਕੰਮ ਨਹੀਂ। ਮੈਂ ਅੱਜ ਉਸ ਸਕੂਲ ਨੂੰ ਦੇਖਣ ਲਈ ਬਹੁਤ ਉਤਸ਼ਾਹਿਤ ਹਾਂ। ਹੁਣ ਇੱਕ ਇੱਕ ਕਰਕੇ ਪੰਜਾਬ ਦੇ ਸਾਰੇ ਸਕੂਲਾਂ ਨੂੰ ਸ਼ਾਨਦਾਰ ਬਣਾਇਆ ਜਾਵੇਗਾ।