ਭਵਾਨੀਗੜ੍ਹ -ਬਠਿੰਡਾ-ਚੰਡੀਗਡ਼੍ਹ ਨੈਸ਼ਨਲ ਹਾਈਵੇਅ ‘ਤੇ ਭਵਾਨੀਗੜ੍ਹ ਸ਼ਹਿਰ ਦੇ ਨਜ਼ਦੀਕੀ ਪਿੰਡ ਘਾਬਦਾਂ ‘ਚ ਸਥਿਤ ਬੀਤੀ ਰਾਤ ਇੱਕ ਮੰਦਰ ਵਿੱਚ ਹਿੰਦੂ ਦੇਵੀ-ਦੇਵਤਿਆਂ ਦੀ ਬੇਅਦਬੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਰਾਰਤੀ ਅਨਸਰਾਂ ਦੇ ਵੱਲੋਂ ਮੰਦਰ ਵਿੱਚ ਸਥਾਪਤ ਸ਼ਿਵਜੀ ਅਤੇ ਹਨੂੰਮਾਨ ਜੀ ਦੀਆਂ ਮੂਰਤੀਆਂ ਖੰਡਿਤ ਕਰ ਦਿੱਤੀਆਂ ਗਈਆਂ ਤੇ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਨੂੰ ਜਲਾ ਕੇ ਬੇਅਦਬੀ ਕੀਤੀ ਗਈ।
ਇਸ ਘਟਨਾ ਸਬੰਧੀ ਸਵੇਰ ਜਦੋਂ ਪਿੰਡ ਵਾਸੀਆਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਮੌਕੇ ‘ਤੇ ਪਹੁੰਚੀ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟ ਗਈ, ਉੱਥੇ ਹੀ ਪਿੰਡ ਦੇ ਲੋਕਾਂ ਨੇ ਮੰਦਰ ਦੀ ਸਫ਼ਾਈ ਕਰਕੇ ਤਸਵੀਰਾਂ ਦੇ ਬਚੇ ਹੋਏ ਅਵਸ਼ੇਸ਼ਾਂ ਅਤੇ ਖੰਡਿਤ ਹੋਈਆਂ ਮੂਰਤੀਆਂ ਨੂੰ ਜਲ ਪ੍ਰਵਾਹ ਕਰ ਦਿੱਤਾ।
ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀਆਂ ਨੇ ਦੱਸਿਆ ਕਿ ਬੀਤੀ ਰਾਤ ਅਣਪਛਾਤੇ ਸ਼ਰਾਰਤੀ ਅਨਸਰਾਂ ਨੇ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਨੂੰ ਅੱਗ ਲਾ ਕੇ ਸਾੜ ਦਿੱਤਾ ਅਤੇ ਹਨੂੰਮਾਨ ਜੀ ਦੀ ਮੂਰਤੀ ਸਮੇਤ ਭਗਵਾਨ ਸ਼ਿਵਜੀ ਦੇ ਸ਼ਿਵਲਿੰਗ ਦੇ ਉਪਰ ਜਲ ਚੜ੍ਹਾਉਣ ਵਾਲੇ ਘੜੇ ਨੂੰ ਵੀ ਤੋੜ ਦਿੱਤਾ। ਪਿੰਡ ਵਾਸੀਆਂ ਨੇ ਘਟਨਾ ਨੂੰ ਅਤਿ ਮੰਦਭਾਗੀ ਕਰਾਰ ਦਿੰਦਿਆਂ ਪੁਲਿਸ ਪ੍ਰਸ਼ਾਸਨ ਤੋਂ ਇਸ ਘਿਨੌਣੇ ਕਾਰੇ ਨੂੰ ਅੰਜਾਮ ਦੇਣ ਵਾਲੇ ਅਨਸਰਾਂ ਦੀ ਭਾਲ ਕਰਕੇ ਉਨ੍ਹਾਂ ਨੂੰ ਜਲਦ ਕਾਬੂ ਕਰਨ ਦੀ ਮੰਗ ਕੀਤੀ।
ਮੌਕੇ ‘ਤੇ ਪਹੁੰਚੇ ਡੀਐੱਸਪੀ ਸੰਗਰੂਰ ਸੱਤਪਾਲ ਸ਼ਰਮਾ ਨੇ ਕਿਹਾ ਕਿ ਘਟਨਾ ਦਾ ਪਤਾ ਚੱਲਦਿਆਂ ਹੀ ਉਹ ਪੁਲਸ ਟੀਮ ਨਾਲ ਘਟਨਾਸਥਾਨ ‘ਤੇ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਮੰਦਰ ‘ਚ ਧਾਰਮਿਕ ਦੇਵੀ ਦੇਵਤਿਆਂ ਦੀਆਂ ਫੋਟੋਆਂ ਨੂੰ ਅੱਗ ਲਗਾਈ ਗਈ ਹੈ ਤੇ ਮੰਦਿਰ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ ਹੈ। ਡੀਐੱਸਪੀ ਸ਼ਰਮਾ ਨੇ ਕਿਹਾ ਕਿ ਮਾਮਲੇ ਸਬੰਧੀ ਪੁਲਸ ਵੱਲੋਂ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਦੋਸ਼ੀਆਂ ਨੂੰ ਜਲਦ ਕਾਬੂ ਕਰਕੇ ਸਲਾਖਾ ਪਿੱਛੇ ਭੇਜਿਆ ਜਾਵੇਗਾ।
ਘਟਨਾ ਨੂੰ ਲੈ ਕੇ ਹਿੰਦੂ ਸੰਗਠਨਾਂ ‘ਚ ਭਾਰੀ ਰੋਸ
ਮੰਦਿਰ ਚ ਦੇਵੀ-ਦੇਵਤਿਆਂ ਦੀ ਬੇਅਦਬੀ ਕਰਨ ਦੇ ਮਾਮਲੇ ਨੂੰ ਲੈ ਕੇ ਹਿੰਦੂ ਸੰਗਠਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾ ਕਾਰਜਕਾਰੀ ਪ੍ਰਧਾਨ ਹਰੀਸ਼ ਸਿੰਗਲਾ, ਗਊ ਰਕਸ਼ਾ ਦਲ ਪੰਜਾਬ ਦੇ ਸਕੱਤਰ ਵਿਕਾਸ ਕੰਬੋਜ ਸਮੇਤ ਹਲਕਾ ਪਾਤੜਾਂ ਤੋਂ ਅਸ਼ਵਨੀ ਸਿੰਗਲਾ, ਮੈੰਬਰ ਵਿਜੇ ਗਰਗ, ਮੁਨੀਸ਼ ਕੁਮਾਰ, ਅਜੇ ਗਰਗ, ਸੌਰਭ ਗਰਗ ਆਦਿ ਨੇ ਇਸ ਮੰਦਭਾਗੀ ਘਟਨਾ ਦੀ ਸਖਤ ਸ਼ਬਦਾਂ ‘ਚ ਨਿਖੇਧੀ ਕਰਦਿਆਂ ਪੁਲਿਸ ਪ੍ਰਸ਼ਾਸਨ ਤੋਂ ਦੋਸ਼ੀਆਂ ਨੂੰ ਜਲਦ ਕਾਬੂ ਕਰਨ ਦੀ ਮੰਗ ਕੀਤੀ ਹੈ।