ਭਾਰਤੀ ਸਰਹੱਦ ’ਚ ਮੁੜ ਦਿਖਾਈ ਦਿੱਤਾ ਪਾਕਿਸਤਾਨੀ ਡਰੋਨ, ਬੀ.ਐੱਸ.ਐੱਫ ਨੇ ਹਮਲਾ ਕਰ ਨਠਾਇਆ

ਤਰਨਤਾਰਨ – ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਪਾਕਿਸਤਾਨ ਵੱਲੋਂ ਭਾਰਤੀ ਖੇਤਰ ‘ਚ ਭੇਜੇ ਜਾਣ ਵਾਲੇ ਡਰੋਨ ਦੀਆਂ ਗਤੀਵਿਧੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਇਸ ਤਹਿਤ ਬੀਤੀ ਰਾਤ ਵੀ ਭਾਰਤੀ ਖੇਤਰ ਵਿਚ ਇਕ ਵਾਰ ਫਿਰ ਪਾਕਿ ਡਰੋਨ ਵਲੋਂ ਦਸਤਕ ਦਿੱਤੀ ਗਈ ਹੈ। ਡਰੋਨ ਦੀ ਆਵਾਜ਼ ਸੁਣਦੇ ਸਾਰ ਸਰਹੱਦ ’ਤੇ ਤਾਇਨਾਤ ਬੀ.ਐੱਸ.ਐੱਫ. ਦੇ ਜਵਾਨਾਂ ਵੱਲੋਂ ਕਰੀਬ ਇੱਕ ਦਰਜਨ ਰਾਊਂਡ ਫਾਇਰਿੰਗ ਕੀਤੀ ਗਈ।

ਮਿਲੀ ਜਾਣਕਾਰੀ ਅਨੁਸਾਰ ਮੰਗਲਵਾਰ ਸਵੇਰੇ ਕਰੀਬ 4 ਵਜੇ ਦੇ ਕਰੀਬ ਜ਼ਿਲ੍ਹੇ ਤਰਨਤਾਰਨ ਅਧੀਨ ਆਉਂਦੀ ਭਾਰਤ ਪਾਕਿਸਤਾਨ ਸਰਹੱਦ ਦੇ ਸੈਕਟਰ ਅਮਰਕੋਟ ਵਿਖੇ ਬੀ.ਓ.ਪੀ ਹਰਭਜਨ ਦੇ ਪਿੱਲਰ ਨੰਬਰ 154/7 ਰਾਹੀਂ ਪਾਕਿਸਤਾਨੀ ਡਰੋਨ ਦੇ ਦਾਖ਼ਲ ਹੋਣ ਦੀ ਆਵਾਜ਼ ਸੁਣਾਈ ਦਿੱਤੀ। ਡਰੋਨ ਦੀ ਆਵਾਜ਼ ਹੁਣ ਸਰਹੱਦ ਉਪਰ ਤਾਇਨਾਤ ਬੀ.ਐੱਸ.ਐੱਫ. ਦੀ 101 ਬਟਾਲੀਅਨ ਨੇ ਹਰਕਤ ਵਿੱਚ ਆਉਂਦੇ ਹੋਏ ਕਰੀਬ ਇੱਕ ਦਰਜਨ ਰਾਊਂਡ ਫਾਇਰਿੰਗ ਕੀਤੀ। ਕਰੀਬ 5 ਮਿੰਟ ਬਾਅਦ ਡਰੋਨ ਦੇ ਵਾਪਸ ਪਰਤਣ ਦੀ ਅਵਾਜ਼ ਸੁਣਾਈ ਦਿੱਤੀ ਗਈ। ਦੱਸ ਦੇਈਏ ਕਿ ਡਰੋਨ ਦੇ ਪਾਕਿ ਵਾਪਸ ਜਾਣ ਤੋਂ ਬਾਅਦ ਸਥਾਨਕ ਪੁਲਸ ਅਤੇ ਬੀ.ਐੱਸ.ਐੱਫ. ਦੇ ਜਵਾਨਾਂ ਵਲੋਂ ਇਲਾਕੇ ‘ਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।