ਜੈਕਬ ਜੁੰਮਾ ਨੂੰ ਜੇਲ੍ਹ ਭੇਜੇ ਜਾਣ ਤੋਂ ਬਾਅਦ ਦੱਖਣੀ ਅਫਰੀਕਾ ‘ਚ ਭਿਆਨਕ ਹਿੰਸਾ, 72 ਲੋਕਾਂ ਦੀ ਮੌਤ

ਦੱਖਣੀ ਅਫਰੀਕਾ : ਦੱਖਣੀ ਅਫਰੀਕਾ ਵਿਚ ਸਾਬਕਾ ਰਾਸ਼ਟਰਪਤੀ ਜੈਕਬ ਜ਼ੁਮਾ ਨੂੰ ਜੇਲ੍ਹ ਭੇਜਣ ਦੇ ਵਿਰੋਧ ਵਜੋਂ ਹਿੰਸਾ, ਲੁੱਟ-ਖੋਹ ਅਤੇ ਦੰਗਿਆਂ ਦਾ ਦੌਰ ਸ਼ੁਰੂ ਹੋ ਗਿਆ ਹੈ। ਸੈਨਾ ਦਾ ਤਾਇਨਾਤੀ ਦੇ ਬਾਵਜੂਦ ਹਿੰਸਕ ਘਟਨਾਵਾਂ ਜਾਰੀ ਹਨ। ਮੰਗਲਵਾਰ ਨੂੰ ਜ਼ੁਮਾ ਸਮਰਥਕਾਂ ਨੇ ਕਈ ਸ਼ਾਪਿੰਗ ਮਾਲਜ ਨੂੰ ਅੱਗ ਲਾ ਦਿੱਤੀ ।

ਇਨ੍ਹਾਂ ਹਿੰਸਕ ਘਟਨਾਵਾਂ ਦੇ ਚਲਦਿਆਂ ਪਿਛਲੇ 5 ਦਿਨਾਂ ਦੌਰਾਨ 72 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਸੈਂਕੜੇ ਲੋਕ ਜਖਮੀ ਹੋਏ ਹਨ। ਮੀਡੀਆ ਖ਼ਬਰਾਂ ਮੁਤਾਬਕ ਦੱਖਣੀ ਅਫਰੀਕਾ ਵਿਚ ਇਹ ਪਿਛਲੇ ਕੁਝ ਦਹਾਕਿਆਂ ਵਿਚ ਸਭ ਤੋਂ ਭਿਆਨਕ ਹਿੰਸਾ ਹੈ। ਪੁਲਸ ਨੇ ਕਿਹਾ ਕਿ ਜ਼ਿਆਦਾਤਰ ਲੋਕ ਦੁਕਾਨਾਂ ਵਿਚ ਲੁੱਟ-ਖੋਹ ਦੌਰਾਨ ਹਫੜਾ-ਦਫੜੀ ਪੈਣ ਕਾਰਨ ਮਾਰੇ ਗਏ। ਸਭ ਤੋਂ ਜ਼ਿਆਦਾ ਹਿੰਸਾ ਗਾਉਤੇਂਗ ਅਤੇ ਕਵਾਜੁਲੁ ਨਟਾਲ ਸੂਬਿਆਂ ਵਿਚ ਹੋ ਰਹੀ ਹੈ।

ਅਧਿਕਾਰੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਗਾਉਤੇਂਗ ਅਤੇ ਕਵਾਜੁਲੁ ਨਟਾਲ ਸੂਬਿਆਂ ਵਿਚ ਕਈ ਮੌਤਾਂ ਹੋਈਆਂ ਹਨ ਅਤੇ ਹਿੰਸਕ ਲੋਕਾਂ ਨੇ ਕਈ ਦੁਕਾਨਾਂ ਤੋਂ ਭੋਜਨ, ਬਿਜਲੀ ਉਪਕਰਨ, ਸ਼ਰਾਬ ਅਤੇ ਕੱਪੜੇ ਚੋਰੀ ਦੀਆਂ ਘਟਨਾਵਾਂ ਨੂੰ ਵੀ ਅੰਜਾਮ ਦਿੱਤਾ ਹੈ। ਹਿੰਸਾ ਪ੍ਰਭਾਵਿਤ ਇਲਾਕਿਆਂ ਵਿਚ ਪੁਲਸ ਅਤੇ ਸੈਨਾ ਦੀ ਅਸ਼ਾਂਤੀ ਰੋਕਣ ਦੀ ਕੋਸ਼ਿਸ਼ ਜਾਰੀ ਹੈ।

ਸੈਂਕੜੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਗਾਉਤੇਂਗ ਸੂਬੇ ਦੇ ਪ੍ਰੀਮੀਅਰ ਡੇਵਿਡ ਮਖੁਰਾ ਨੇ ਦੱਸਿਆ ਕਿ ਸੂਬੇ ਵਿਚ 400 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਪਰ ਸਥਿਤੀ ਅਜੇ ਵੀ ਬੇਕਾਬੂ ਹੈ। ਗੌਰਤਲਬ ਹੈ ਕਿ ਜ਼ੁਮਾ ਨੂੰ ਅਦਾਲਤ ਦੀ ਮਾਣਹਾਨੀ ਦੇ ਮਾਮਲੇ ਵਿਚ ਵੀਰਵਾਰ ਨੂੰ 15 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ ਜਿਸ ਮਗਰੋਂ ਹਿੰਸਾ ਭੜਕ ਪਈ।

ਟੀਵੀ ਪੰਜਾਬ ਬਿਊਰੋ