ਡੈਸਕ- ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ‘ਚ ਸ਼ਾਮਲ ਹੋਏ ਵਿਧਾਇਕ ਸ਼ੀਤਲ ਅੰਗੁਰਾਲ ਨੇ ਵੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਆਪਣਾ ਅਸਤੀਫਾ 28 ਮਾਰਚ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਭੇਜ ਦਿੱਤਾ ਸੀ ਪਰ ਦੱਸਿਆ ਜਾ ਰਿਹਾ ਹੈ ਕਿ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਉਨ੍ਹਾਂ ਦਾ ਅਸਤੀਫਾ ਰੱਦ ਕਰ ਦਿੱਤਾ ਹੈ।
ਇਸ ‘ਤੇ ਪ੍ਰਤੀਕਿਰਿਆ ਦਿੰਦਿਆਂ ਵਿਧਾਇਕ ਸ਼ੀਤਲ ਅੰਗੁਰਾਲ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਪਰ ਸਪੀਕਰ ਨੇ ਉਨ੍ਹਾਂ ਦਾ ਅਸਤੀਫਾ ਮਨਜ਼ੂਰ ਨਹੀਂ ਕੀਤਾ। ਜੇ ਉਨ੍ਹਾਂ ਦਾ ਅਸਤੀਫਾ ਪ੍ਰਵਾਨ ਨਾ ਹੋਇਆ ਤਾਂ ਉਹ ਅਦਾਲਤ ਦਾ ਰੁਖ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕ ਸਭਾ ਚੋਣਾਂ ਦੇ ਨਾਲ-ਨਾਲ ਇਸ ਸੀਟ ‘ਤੇ ਉਪ ਚੋਣ ਨਹੀਂ ਕਰਵਾਉਣਾ ਚਾਹੁੰਦੀ, ਇਸ ਲਈ ਉਨ੍ਹਾਂ ਦਾ ਅਸਤੀਫਾ ਪ੍ਰਵਾਨ ਨਹੀਂ ਕੀਤਾ ਜਾ ਰਿਹਾ ਹੈ।
ਦੱਸ ਦੇਈਏ ਕਿ ਹਾਲ ਹੀ ਵਿਚ ਭਾਜਪਾ ਵਿੱਚ ਸ਼ਾਮਲ ਹੋਏ ਸੁਸ਼ੀਲ ਕੁਮਾਰ ਰਿੰਕੂ ਤੇ ਸ਼ੀਤਲ ਅੰਗੁਰਾਲ ਨੂੰ ਕੇਂਦਰ ਸਰਕਾਰ ਵੱਲੋਂ ਵੱਡਾ ਤੋਹਫਾ ਦਿੱਤਾ ਗਿਆ ਹੈ। ਦਰਅਸਲ ਦੋਹਾਂ ਹੀ ਆਗੂਆਂ ਦੀ ਸਕਿਓਰਿਟੀ ਵਿਚ ਵਾਧਾ ਕਰਦੇ ਹੋਏ ਗ੍ਰਹਿ ਮੰਤਰਾਲੇ ਵੱਲੋ Y+ ਸਕਿਓਰਿਟੀ ਦਿੱਤੀ ਗਈ ਹੈ। ਹੁਣ ਸੁਸ਼ੀਲ ਰਿੰਕੂ ਦੀ ਸਕਿਓਰਿਟੀ ਵਿਚ 18 ਤੇ ਸ਼ੀਤਲ ਅੰਗੁਰਾਲ ਦੀ ਸੁਰੱਖਿਆ ਵਿਚ 11 ਸੁਰੱਖਿਆ ਕਰਮਚਾਰੀ ਤਾਇਨਾਤ ਹੋਣਗੇ।
ਜਲੰਧਰ ਤੋਂ ਆਪ ਦੇ ਸਾਂਸਦ ਸੁਸ਼ੀਲ ਰਿੰਕੂ ਤੇ MLA ਸ਼ੀਤਲ ਅੰਗੁਰਾਲ ਹਾਲ ਹੀ ਵਿਚ ਆਮ ਆਦਮੀ ਪਾਰਟੀ ਦਾ ਪੱਲਾ ਛੱਡ ਕੇ ਬੀਜੇਪੀ ਵਿਚ ਸ਼ਾਮਲ ਹੋਏ ਹਨ। ਇਸ ਮਗਰੋਂ ਪੰਜਾਬ ਸਰਕਾਰ ਵੱਲੋਂ ਦੋਹਾਂ ਦੀ ਸੁਰੱਖਿਆ ਵਿਚ ਕਟੌਤੀ ਦੇ ਹੁਕਮ ਦਿੱਤੇ ਗਏ ਸਨ। ਰਿੰਕੂ ਦੀ ਸੁਰੱਖਿਆ ਵਿਚ ਤਾਇਨਾਤ ਪੰਜਾਬ ਪੁਲਿਸ ਦੇ ਕਮਾਂਡੋ ਵਾਪਸ ਬੁਲਾ ਲਏ ਗਏ, ਨਾਲ ਹੀ ਇਕ ਸੁਰੱਖਿਆ ਗੱਡੀ ਨੂੰ ਵੀ ਸੁਰੱਖਿਆ ਤੋਂ ਹਟਾ ਦਿੱਤਾ ਗਿਆ। ਇਸ ਮਗਰੋਂ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੇ ਬਾਅਦ ਸੁਸ਼ੀਲ ਰਿੰਕੂ ਤੇ ਅੰਗੁਰਾਲ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ। ਮੀਟਿੰਗ ਵਿਚ ਮੁੱਖ ਤੌਰ ‘ਤੇ ਉਨ੍ਹਾਂ ਦੀ ਘਟਾਈ ਗਈ ਸੁਰੱਖਿਆ ਨੂੰ ਲੈ ਕੇ ਚਰਚਾ ਕੀਤੀ ਸੀ। ਦੋਵੇਂ ਨੇਤਾਵਾਂ ਦਾ ਕਹਿਣਾ ਸੀ ਕਿ ਕਿਹਾ ਕਿ ਉਨ੍ਹਾਂ ਦੀ ਜਾਨ ਨੂੰ ਖਤਰਾ ਹੈ। ਇਸ ਮਗਰੋਂ ਹੁਣ ਕੇਂਦਰ ਵੱਲੋਂ ਦੋਹਾਂ ਨੂੰ Y+ ਸਕਿਓਰਿਟੀ ਦਿੱਤੀ ਗਈ ਹੈ।