ਸਾਡੇ ਮਾਮਲਿਆਂ ’ਚ ਲਗਾਤਾਰ ਦਖ਼ਲ ਅੰਦਾਜ਼ੀ ਕਰ ਰਹੇ ਸਨ ਕੈਨੇਡੀਅਨ ਡਿਪਲੋਮੈਟ : ਐੱਸ. ਜੈਸ਼ੰਕਰ

New Delhi- ਕੈਨੇਡਾ ਦੇ 41 ਡਿਪਲੋਮੈਟਾਂ ਦੇ ਭਾਰਤ ਤੋਂ ਜਾਣ ਦਾ ਮੁੱਦਾ ਇਨ੍ਹੀਂ ਦਿਨੀਂ ਕਾਫ਼ੀ ਭਖਿਆ ਹੋਇਆ ਹੈ। ਇੱਕ ਪਾਸੇ ਜਿੱਥੇ ਬ੍ਰਿਟੇਨ ਅਤੇ ਅਮਰੀਕਾ ਨੇ ਇਸ ’ਤੇ ਆਪਣੀ ਚਿੰਤਾ ਜਾਹਰ ਕੀਤੀ ਹੈ, ਉੱਥੇ ਹੀ ਦੂਜੇ ਪਾਸੇ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਦੱਸਿਆ ਹੈ ਕਿ ਇਹ ਕਦਮ ਚੁੱਕਣਾ ਭਾਰਤ ਲਈ ਕਿੰਨਾ ਜ਼ਰੂਰੀ ਸੀ। ਇਸ ਸੰਬੰਧੀ, ਉਨ੍ਹਾਂ ਨੇ ਐਤਵਾਰ ਨੂੰ ਕਿਹਾ ਕਿ ਸਾਨੂੰ ਕੈਨੇਡਾ ਦੀ ਸਿਆਸਤ ’ਚ ਕੁਝ ਨੀਤੀਆਂ ਨੂੰ ਲੈ ਕੇ ਸਮੱਸਿਆ ਹੈ। ਲੋਕਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਵੀਜ਼ੇ ਨੂੰ ਲੈ ਕੇ ਉਨ੍ਹਾਂ ਨੂੰ ਕਿਉਂ ਸਮੱਸਿਆ ਹੋ ਰਹੀ ਹੈ ਕਿਉਂਕਿ ਸਾਡੇ ਡਿਪਲੋਮੈਟ ਕੈਨੇਡਾ ’ਚ ਕੰਮ ਕਰਨ ਲਈ ਸੁਰੱਖਿਅਤ ਨਹੀਂ ਹਨ। ਜੈਸ਼ੰਕਰ ਨੇ ਅੱਗੇ ਕਿਹਾ ਕਿ ਇਸ ਵੇਲੇ ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਔਖੇ ਵੇਲੇ ’ਚੋਂ ਲੰਘ ਰਹੇ ਹਨ। ਉਨ੍ਹਾਂ ਉਮੀਦ ਪ੍ਰਗਟਾਈ ਕਿ ਹਾਲਾਤ ਜਲਦੀ ਹੀ ਠੀਕ ਹੋਣਗੇ।
ਵਿਦੇਸ਼ ਮੰਤਰੀ ਜੈਸ਼ੰਕਰ ਨੇ ਸਾਫ਼ ਤੌਰ ’ਤੇ ਕਿਹਾ ਕਿ ਸਾਡੀ ਸਮੱਸਿਆ ਕੈਨੇਡਾ ਦੀ ਸਿਆਸਤ ਦੇ ਕੁਝ ਹਿੱਸਿਆਂ ਤੋਂ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਕੈਨੇਡਾ ’ਚ ਆਪਣੇ ਡਿਪਲੋਮੈਟਾਂ ਦੀ ਸੁਰੱਖਿਆ ’ਚ ਤਰੱਕੀ ਦੇਖਣਾ ਚਾਹਾਂਗੇ। ਕੈਨੇਡੀਅਨ ਡਿਪਲੋਮੈਟਾਂ ਵਲੋਂ ਸਾਡੇ ਮਾਮਲਿਆਂ ’ਚ ਲਗਾਤਾਰ ਦਖ਼ਲ ਅੰਦਾਜ਼ੀ ਕੀਤਾ ਗਿਆ। ਇਸ ਨੂੰ ਦੇਖਦਿਆਂ ਹੀ ਅਸੀਂ ਸਮਾਨਤਾ ਦੀ ਗੱਲ ਕੀਤੀ। ਭਾਰਤ ਨੇ ਕੈਨੇਡਾ ਦੇ 41 ਡਿਪਲੋਮੈਟਾਂ ਦੀ ਦੇਸ਼ ਵਾਪਸੀ ਨੂੰ ਕੌਮਾਂਤਰੀ ਮਾਪਦੰਡਾਂ ਦੀ ਉਲੰਘਣਾ ਦੇ ਰੂਪ ’ਚ ਪੇਸ਼ ਕਰਨ ਦੀਆਂ ਕੈਨੇਡਾ ਦੀਆਂ ਕੋਸ਼ਿਸ਼ਾਂ ਨੂੰ ਖ਼ਾਰਜ ਕਰ ਦਿੱਤਾ।
ਉੱਧਰ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਵਿਆਨਾ ਸੰਧੀ ਦੀ ਪਾਲਣਾ ਨਾ ਕਰਨ ਦੇ ਦਾਅਵੇ ਨੂੰ ਗ਼ਲਤ ਦੱਸਿਆ ਹੈ। ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ’ਚ ਕਿਹਾ ਕਿ ਦੋ-ਪਾਸੜ ਡਿਪਲੋਮੈਟਕ ਸਮਾਨਤਾ ਯਕੀਨੀ ਬਣਾਉਮਾ ਡਿਪਲੋਮੈਟਕ ਸੰਬੰਧਾਂ ਨਾਲ ਜੁੜੀ ਵਿਆਨਾ ਸੰਘੀ ਦੇ ਪ੍ਰਬੰਧਾਂ ਦੇ ਤਹਿਤ ਹੀ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅਸੀਂ ਸਮਾਨਤਾ ਲਾਗੂ ਕਰਨ ਨੂੰ ਕੌਮਾਂਤਰੀ ਮਾਪਦੰਡਾਂ ਦੀ ਉਲੰਘਣਾ ਦੇ ਰੂਪ ’ਚ ਪੇਸ਼ ਕਰਨ ਦੇ ਕਿਸੇ ਵੀ ਯਤਨ ਨੂੰ ਖਾਰਜ ਕਰਦੇ ਹਾਂ। ਸਾਡੇ ਦੁਵੱਲੇ ਸੰਬੰਧਾਂ ਦੀ ਸਥਿਤੀ, ਭਾਰਤ ’ਚ ਕੈਨੇਡੀਅਨ ਡਿਪਲੋਮੈਟਾਂ ਦੀ ਵਧੇਰੇ ਗਿਣਤੀ ਅਤੇ ਸਾਡੇ ਅੰਦਰੂਨੀ ਮਾਮਲਿਆਂ ’ਚ ਉਨ੍ਹਾਂ ਦੀ ਨਿਰੰਤਰ ਦਖ਼ਲਅੰਦਾਜ਼ੀ ਨਵੀਂ ਦਿੱਲੀ ਅਤੇ ਓਟਾਵਾ ’ਚ ਆਪਸੀ ਡਿਪਲੋਮੈਟਿਕ ਹਾਜ਼ਰੀ ’ਚ ਸਮਾਨਤਾ ਨੂੰ ਲੋੜੀਂਦਾ ਬਣਾਉਂਦਾ ਹੈ।