ਕਾਂਗਰਸ ਸਰਕਾਰ ਦੌਰਾਨ ਮਾਫੀਆ ਨੇ ਕੀਤਾ ਪੰਜਾਬ ‘ਚ ਰਾਜ – ਸਿੱਧੂ

ਚੰਡੀਗੜ੍ਹ- ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਇਕ ਵਾਰ ਫਿਰ ਤੋਂ ਆਪਣੀ ਪਾਰਟੀ ਅਤੇ ਸਾਬਕਾ ਕਾਂਗਰਸ ਸਰਕਾਰ ਖਿਲਾਫ ਭੜਾਸ ਕੱਢੀ ਹੈ । ਸਿੱਧੂ ਦਾ ਕਹਿਣਾ ਹੈ ਕਿ ਪਿਛਲੇ ਪੰਜ ਸਾਲਾਂ ਦੌਰਾਨ ਪੰਜਾਬ ਚ ਮਾਫੀਆ ਦਾ ਰਾਜ ਰਿਹਾ । ਇਸ ਕਾਰਣ ਹੀ ਪੰਜਾਬ ਦੇ ਵਿੱਚ ਕਾਂਗਰਸ ਦੀ ਚੋਣਾ ਚ ਹਾਰ ਹੋਈ । ਸਿੱਧੂ ਨੇ ਕਿਹਾ ਕਿ ਉਹ ਨਵੇਂ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨਾਲ ਮਿਲ ਕੇ ਕੰਮ ਕਰਣਗੇ ।

ਕਾਂਗਰਸ ਭਵਨ ਚ ਹੋਏ ਸਮਾਗਮ ਦੌਰਾਨ ਸਾਬਕਾ ਪ੍ਰਧਾਨ ਸਿੱਧੂ ਹਾਜ਼ਿਰ ਨਹੀਂ ਹੋਏ ।ਵੜਿੰਗ ਨੂੰ ਵਧਾਈ ਦੇਣ ਉਪਰੰਤ ਉਹ ਚੰਡੀਗੜ੍ਹ ਤੋਂ ਚਲੇ ਗਏ ।ਸਿੱਧੂ ਦੇ ਸਲਾਹਕਾਰ ਮੁਤਾਬਿਕ ਪਹਿਲਾਂ ਤੋਂ ਹੀ ਤੈਅ ਪ੍ਰੌਗਰਾਮ ਮੁਤਾਬਿਕ ਸਿੱਧੂ ਸਮਾਗਮ ਚ ਸ਼ਾਮਿਲ ਨਹੀਂ ਹੋਏ ।ਕਾਂਗਰਸ ਚ ਧੜੇਬਾਜੀ ਨੂੰ ਲੈ ਕੇ ਸਿੱਧੂ ਨੇ ਆਪਣੇ ਆਪ ਨੂੰ ਬੇਕਸੂਰ ਦੱਸਿਆ ਹੈ ।ਸਿੱਧੂ ਮੁਤਾਬਿਕ ਕਾਂਗਰਸ ਦੇ ਅੰਦਰ ਅਨੁਸ਼ਾਸਨ ਨੂੰ ਲੈ ਕੇ ਵੱਖਵਾਦ ਕੀਤਾ ਜਾ ਰਿਹਾ ਹੈ ।ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਰਾਣਾ ਗੁਰਜੀਤ ਦਾ ਨਾਂ ਲਏ ਬਗੈਰ ਉਨ੍ਹਾਂ ਕਿਹਾ ਕਿ ਅਜ਼ਾਦ ਚੋਣ ਲੜਵਾਉਣ ਅਤੇ ਕਾਂਗਰਸ ਪ੍ਰਧਾਨ ਖਿਲਾਫ ਬਿਆਨਬਾਜੀ ਕਰਨ ਵਾਲੇ ਨੇਤਾਵਾਂ ਖਿਲਾਫ ਕਾਰਵਾਈ ਨਾ ਕਰਨਾ ਗੁੱਟਬਾਜੀ ਨੂੰ ਦਰਸ਼ਾਉਂਦਾ ਹੈ ।
ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਪੰਜਾਬ ਅਤੇ ਕਾਂਗਰਸ ਨੂੰ ਮਜ਼ਬੂਤ ਕਰਨਾ ਹੈ ।ਉਨ੍ਹਾਂ ਨੂੰ ਕਿਸੇ ਈ.ਡੀ ਦਾ ਡਰ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਨੇ ਕੋਈ ਭ੍ਰਿਸ਼ਟਾਚਾਰ ਕੀਤਾ ਹੈ ।ਸੁਰਜੀਤ ਧੀਮਾਨ ਨੂੰ ਲੈ ਕੇ ਉਨ੍ਹਾਂ ਸਾਫ ਕੀਤਾ ਕਿ ਕਾਰਵਾਈ ਹਰੇਕ ‘ਤੇ ਇਕ ਸਮਾਨ ਹੋਣੀ ਚਾਹੀਦੀ ਹੈ ।

ਰਾਜਾ ਵੜਿੰਗ ਨਾਲ ਆਪਸੀ ਮਤਭੇਦ ‘ਤੇ ਉਨ੍ਹਾਂ ਕਿਹਾ ਕਿ ਉਹ ਨਵੇਂ ਪ੍ਰਧਾਨ ਦੇ ਨਾਲ ਹਨ ।ਸਿੱਧੂ ਨੇ ਕਿਹਾ ਕਿ ਵੜਿੰਗ ਵੀ ਹੁਣ ਧੜੇਬਾਜੀ ਦਾ ਸ਼ਿਕਾਰ ਹੋ ਗਏ ਹਨ । ਸਾਰਿਆਂ ਦੇ ਘਰ ਜਾਣ ਵਾਲੇ ਵੜਿੰਗ ਉਨ੍ਹਾਂ ਦੇ ਘਰ ਕਿਉਂ ਨਹੀ ਗਏ ।ਸਿੱਧੂ ਦੇ ਸਲਾਹਕਾਰ ਨੇ ਸਿੱਧੂ ਪਰਿਵਾਰ ਦੀ ਵੜਿੰਗ ਪਰਤੀ ਨਾਰਾਜ਼ਗੀ ਨੂੰ ਜ਼ਾਹਿਰ ਕੀਤਾ ਹੈ । ਉਨ੍ਹਾਂ ਕਿਹਾ ਕਿ ਬੇਸ਼ਕ ਵੜਿੰਗ ਦੀ ਅੰਮ੍ਰਿਤਸਰ ਫੇਰੀ ਦੌਰਾਨ ਸਿੱਧੂ ਘਰ ਨਹੀਂ ਸਨ , ਪਰ ਚੋਣਾ ਦੌਰਾਨ ਰਾਜਾ ਵੜਿੰਗ ਦੇ ਹੱਕ ਚ ਕਈ ਰੈਲੀਆਂ ਕਰਨ ਵਾਲੀ ਬੀਬੀ ਸਿੱਧੂ ਅੰਮ੍ਰਿਤਸਰ ਚ ਹੀ ਸਨ । ਹਸਪਤਾਲ ਤੋਂ ਛੁੱਟੀ ਲੈ ਕੇ ਉਹ ਘਰ ਚ ਆਰਾਮ ਕਰ ਰਹੇ ਸਨ । ਜੇਕਰ ਵੜਿੰਗ ਚ ਸ਼ਿਸ਼ਟਾਚਾਰ ਹੁੰਦਾ ਤਾਂ ਉਹ ਮੈਡਮ ਸਿੱਧੂ ਦਾ ਹਾਲ ਜਾਨਣ ਲਈ ਜ਼ਰੂਰ ਘਰ ਆਉਂਦੇ ।