ਜਲੰਧਰ- ਜੇ ਅਸੀਂ ਖਬਰ ਚ ਇਹ ਲਿੱਖ ਦਈਏ ਕਿ ਸਿੱਧੂ ਨਵੀਂ ਪਾਰਟੀ ਬਣਾ ਰਹੇ ਹਨ ਤਾਂ ਸ਼ਾਇਦ ਬਤੌਰ ਪੱਤਰਕਾਰ ਸਾਨੂੰ ਹੀ ਖਬਰ ਬੇਅਸਰ ਅਤੇ ਪੁਰਾਣੀ ਲੱਗੇਗੀ । ਪਰ ਹੈਡਿੰਗ ਚ ਇਸ ਦਾ ਜ਼ਿਕਰ ਸਿੱਧੂ ਕਾਰਣ ਨਹੀਂ ਬਲਕਿ ਸਿਆਸੀ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਉਰਫ ਪੀ.ਕੇ ਲਈ ਕੀਤਾ ਗਿਆ ਹੈ । ਸਿੱਧੂ ਵੱਖਰੀ ਪਾਰਟੀ ਬਣਾਉਣਗੇ ਇਸਦਾ ਖੁਲਾਸਾ ਸਾਲ ਪਹਿਲਾਂ ਸੁਖਪਾਲ ਖਹਿਰਾ ਵੀ ਕਰ ਚੁੱਕੇ ਹਨ ।ਇਸ ਖਬਰ ਚ ਤੁਹਾਨੂੰ ਸਾਰੀ ਸਿਆਸੀ ਕੈਮੇਸਟ੍ਰੀ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ।
ਪ੍ਰਸ਼ਾਂਤ ਕਿਸ਼ੋਰ ਦੇਸ਼ ਚ ਆਪਣਾ ਨਾਂ ਇਸ ਕਦਰ ਬਣਾ ਚੁੱਕੇ ਹਨ ਕਿ ਪੀ.ਕੇ ਦਾ ਮਤਲਬ ਹੀ ਜਿੱਤ ਦੀ ਗਾਰੰਟੀ ਹੈ । ਗੁਜਰਾਤ ,ਬਿਹਾਰ , ਪੰਜਾਬ ਅਤੇ ਪੱਛਮੀ ਬੰਗਾਲ ਚ ਉਨ੍ਹਾਂ ਦੀ ਟੀਮ ਦੀ ਕਾਰਗੁਜ਼ਾਰੀ ਜਗਜ਼ਾਹਿਰ ਹੈ ।ਜਿੱਤ ਦਾ ਸਵਾਦ ਚਖਾਉਣ ਵਾਲੇ ਪੀ.ਕੇ ਵੀ ਖੁਦ ਇਸਤੋਂ ਵਾਂਝੇ ਨਹੀਂ ਰਹੇ ।ਨੀਤੀਸ਼ ਕੁਮਾਰ ਤੋਂ ਬਾਅਦ ਰਾਹੁਲ ਗਾਂਧੀ ਨਾਲ ਉਨ੍ਹਾਂ ਦੀ ਨੇੜਤਾ ਕਿਸੇ ਨਾ ਕਿਸੇ ਅਖਬਾਰ ਚ ਛੱਪਦੀ ਹੀ ਰਹਿੰਦੀ ਹੈ ।ਪਰ ਪੀ.ਕੇ ਜ਼ਿਆਦਾ ਦੇਰ ਕਿਤੇ ਟਿਕੇ ਨਹੀਂ ।
ਪ੍ਰਸ਼ਾਂਤ ਕਿਸ਼ੋਰ ਦੇ ਫੈਸਲੇ ਉਨ੍ਹਾਂ ਦੇ ਕੰਮਕਾਮ ਵਰਗੇ ਨਹੀਂ ਹਨ ; ਉਹ ਅਕਸਰ ਕਹਿ ਕੇ ਯੂ ਟਰਨ ਮਾਰ ਜਾਂਦੇ ਹਨ । ਸਿਆਸਤ ਤੋਂ ਕਿਨਾਰਾ , ਚੋਣ ਰਣਨੀਤੀਕਾਰ ਦੇ ਕਾਰੋਬਾਰ ਤੋਂ ਹੱਥ ਖੜੇ ਕਰਨਾ , ਇਹ ਆਮ ਬਿਆਨ ਰਹੇ ਹਨ ।ਪੀ.ਕੇ ਕਿਸੇ ਦੇ ਅੰਦਰ ਰਹਿ ਕੇ ਕੰਮ ਨਹੀਂ ਕਰ ਸਕਦੇ ।ਤਿੰਨ ਦਿਨਾਂ ਤੋਂ ਖਬਰ ਆ ਰਹੀ ਸੀ ਕਿ ਪੀ.ਕੇ ਕਾਂਗਰਸ ਚ ਜਾ ਰਹੇ ਨੇ । ਉਨ੍ਹਾਂ ਵਲੋਂ ਸੋਨੀਆ ਗਾਂਧੀ ਨੂੰ ਪੇਸ਼ਕਸ਼ ਕੀਤੀ ਗਈ ਹੈ । ਫਿਰ ਪਤਾ ਚੱਲਿਆ ਕਿ ਕਾਂਗਰਸ ਨੇ ਨਹੀਂ ਬਲਕਿ ਪੀ.ਕੇ ਨੇ ਕਾਂਗਰਸ ਨੂੰ ਨਾਹ ਕਰ ਦਿੱਤੀ ਹੈ । ਇਸਦੇ ਨਾਲ ਹੀ ਪੀ.ਕੇ ਨੇ ਕਾਂਗਰਸ ਹਾਈਕਮਾਨ ਨੂੰ ਨਸੀਹਤਾਂ ਵੀ ਦਿੱਤੀਆਂ ।
ਇਸ ਖਬਰ ਦੇ ਠੀਕ ਬਾਅਦ ਨਵਜੋਤ ਸਿੱਧੂ ਵਲੋਂ ਪੋਸਟ ਕੀਤੀ ਗਈ ਤਸਵੀਰ ਨੇ ਖਬਰਨਵੀਸਾਂ ਨੂੰ ਸੋਚਣ ‘ਤੇ ਮਜ਼ਬੂਰ ਕਰ ਦਿੱਤਾ ।ਦੋਵੇਂ ਅਜਿਹਾ ਇਨਸਾਨ ਜੋ ਕਿਸੇ ਦਬਾਅ ਹੇਠ ਕੰਮ ਨਹੀਂ ਕਰ ਸਕਦੇ , ਉਨ੍ਹਾਂ ਦਾ ਮਿਲਾਪ ਸਿਆਸਤ ਚ ਹਲਚਲ ਪੈਦਾ ਕਰ ਗਿਆ ।ਸਿਆਸਤ ਚ ਇਸ ਮੌਕੇ ਜਿਨੇ ਸੰਪਰਕ ਪੀ.ਕੇ ਦੇ ਹਨ ਸ਼ਾਇਦ ਹੀ ਕੋਈ ਹੋਰ ਹੋਵੇ ।ਹਰੇਕ ਪਾਰਟੀ ਦੇ ਨਾਰਾਜ਼ ਅਤੇ ਤਾਕਤਵਰ ਨੇਤਾ ਪੀ.ਕੇ ਦਾ ਸਾਥ ਚਾਹੁੰਦਾ ਹੈ । ਹੁਣ ਚਰਚਾ ਇਹ ਹੈ ਕਿ ਸਿੱਧੂ ਪੀ.ਕੇ ਦੇ ਸਹਾਰੇ ਨੇਤਾਵਾਂ ਦੀ ਟੋਲਿ ਤਿਆਰ ਕਰ ਰਹੇ ਹਨ । ਜਿਨ੍ਹਾਂ ਦੇ ਸਹਾਰੇ ਉਹ ਨਵੀਂ ਪਿੱਚ ਤਿਆਰ ਕਰਕੇ ਅਗਲੀ ਸਿਆਸੀ ਪਾਰੀ ਖੇਡਣਗੇ ।ਪ੍ਰਧਾਨਗੀ ਜਾਣ ਤੋਂ ਬਾਅਦ ਵੀ ਸਿੱਧੂ ਦੀ ਸਰਗਰਮੀ , ਰਾਜਪਾਲ ਨਾਲ ਮੁਲਾਕਾਤ ਅਤੇ ਕਾਂਗਰਸ ਦੇ ਬਾਗੀਆਂ ਨਾਲ ਲਗਾਤਾਰ ਰਾਬਤਾ ਕਈ ਸ਼ੱਕਾਂ ਨੂੰ ਪੁਖਤਾ ਕਰਦਾ ਹੈ ।ਸਿੱਧੂ ਨੇ ਅੋਲਡ ਗੋਲਡ ਦਾ ਇਸ਼ਾਰਾ ਕੀਤਾ ਹੈ । ਓਧਰ ਪੀ.ਕੇ ਨੇ ਕਾਂਗਰਸ ਨੂੰ ਅਗਵਾਈ ਸੁਧਾਰਨ ਦੀ ਨਸੀਹਤ ਦਿੱਤੀ ਹੈ । ਜੀ-23 ਧੜਾ ਨਿਰਾਸ਼ ਹੈ ।ਲਗਦਾ ਹੈ ਕਿ ਜਲਦ ਹੀ ਦੇਸ਼ ਨੂੰ ਇਕ ਹੋਰ ਨਵੀਂ ਪਾਰਟੀ ਮਿਲਣ ਵਾਲੀ ਹੈ ।