ਜਲੰਧਰ- ਹੁਣ ਖਬਰਾਂ ਮੁਤਾਬਿਕ ਤਾਂ ਇਹ ਗੱਲ ਹੈ ਕਿ ਕਾਂਗਰਸ ਪਾਰਟੀ ਨਵਜੋਤ ਸਿੱਧੂ ਖਿਲਾਫ ਐਕਸ਼ਨ ਲੈਣ ਜਾ ਰਹੀ ਹੈ । ਸਿੱਧੂ ਨੂੰ ਪਾਰਟੀ ਵਿੱਚੌਂ ਕੱਢਿਆ ਵੀ ਜਾ ਸਕਦਾ ਹੈ ।ਕਿਉਂਕਿ ਸਿੱਧੂ ਪਾਰਟੀ ਦੇ ਖਿਲਾਫ ਚੱਲ ਰਹੇ ਹਨ । ਦੇਖਣ ਚ ਤਾਂ ਇਹ ਗੱਲ ਬੜੀ ਸਿੱਧੀ ਜਿਹੀ ਜਾਪ ਰਹੀ ਹੈ ਪਰ ਅਸਲ ਚ ਉਨੀ ਸਿੱਧੀ ਹੈ ਨਹੀਂ ।ਸਿੱਧੂ ਇਨੇ ਕੱਚੇ ਖਿਡਾਰੀ ਨਹੀਂ ਹਨ ਕਿ ਕੋਈ ਉਨ੍ਹਾਂ ਖਿਲਾਫ ਵੱਡੀ ਕਾਰਵਾਈ ਕਰ ਦੇਵੇ ।
ਦਰਅਸਲ ਇਹ ਸੱਭ ਇਕ ਵੱਡੀ ਗੇਮ ਹੈ । ਸਿਆਸਤ ਬਾਰੇ ਆਮ ਲੋਕ ਜਿੱਥੇ ਸੋਚਣਾ ਬੰਦ ਕਰ ਦਿੰਦੇ ਹਨ । ਸਿਆਸੀ ਲੋਕਾਂ ਦੀ ਸੋਚ ਉੱਥੋਂ ਹੀ ਸ਼ੁਰੂ ਹੁੰਦੀ ਹੈ ।ਰਾਜਾ ਵੜਿੰਗ ਸ਼ਾਇਦ ਇਹ ਸਮਝ ਰਹੇ ਹੋਣਗੇ ਕਿ ਉਨ੍ਹਾਂ ਕਾਰਣ ਸਿੱਧੂ ‘ਤੇ ਵੱਡੀ ਕਾਰਵਾਈ ਦੀ ਤਿਆਰੀ ਕੀਤੀ ਜਾ ਰਹੀ ਹੈ ।ਪਰ ਇਹ ਇਕ ਵਹਿਮ ਹੀ ਹੈ ।ਸੱਭ ਕੁੱਝ ਉਵੇਂ ਹੀ ਹੋ ਰਿਹਾ ਹੈ ਜਿਵੇਂ ਸਿੱਧੂ ਚਾਹ ਰਹੇ ਹਨ ।ਸਿਆਸੀ ਸੂਤਰਾਂ ਦੀ ਮੰਨੀਏ ਤਾਂ ਅੱਜ ਹੋ ਰਹੇ ਡ੍ਰਾਮੇ ਦੀ ਸਕ੍ਰਿਪਟ ਤਿੰਨ ਮਹੀਨਾ ਪਹਿਲਾਂ ਹੀ ਲਿਖੀ ਜਾ ਚੁੱਕੀ ਸੀ ।ਜਦੋਂ ਰਾਹੁਲ ੳਤੇ ਸੋਨੀਆ ਗਾਂਧੀ ਨੇ ਸਿੱਧੂ ਨਾਲ ਕੀਤੇ ਵਾਅਦੇ ਭੁੱਲਨੇ ਸ਼ੁਰੂ ਕਰ ਦਿੱਤੇ ਸਨ ।ਸਿੱਧੂ ਲਈ ਖਾਲੀ ਕੀਤੀ ਗਈ ਕੈਪਟਨ ਦੀ ਕੁਰਸੀ ਪਤਾ ਹੀ ਨਹੀਂ ਲੱਗਿਆ ਕਦੋਂ ਚੰਨੀ ਦੇ ਕੋਲ ਚਲੀ ਗਈ ।
ਸਿੱਧੂ ਅਜਿਹੀ ਹਾਲਤ ਚ ਆ ਗਏ ਕਿ ਉਹ ਪਾਰਟੀ ਨੂੰ ਛੱਡ ਨਹੀਂ ਸਕਦੇ ਸਨ । ਕਿਉਂਕਿ ਇਹ ਗੱਲ ਜ਼ਾਹਿਰ ਹੋ ਜਾਣੀ ਸੀ ਕਿ ਸਿੱਧੂ ਅਹੁਦਿਆਂ ਦਾ ਲਾਲਚੀ ਹੈ ।ਫਿਰ ਗਾਂਧੀ ਪਰਿਵਾਰ ਲਈ ਕੀਤੀਆਂ ਤਾਰੀਫਾਂ ਇਕ ਵਾਰ ਫਿਰ ਟੀ.ਵੀ ਚੈਨਲਾਂ ਦੀਆਂ ਸੁਰਖੀਆਂ ਬਣ ਜਾਣੀਆਂ ਸਨ ।ਸਿਆਸੀ ਸੂਤਰਾਂ ਦੀ ਮੰਨੀਏ ਤਾਂ ਸਿੱਧੂ ਕਰਨ ਤਾਂ ਕੁੱਝ ਅਜਿਹਾ ਹੀ ਲੱਗੇ ਸਨ ਕਿ ਪ੍ਰਸ਼ਾਂਤ ਕਿਸ਼ੋਰ ਨੇ ੳਨ੍ਹਾਂ ਨੂੰ ਰੋਕ ਲਿਆ । ਸਿੱਧੂ ਨੇ ਅਜਿਹੀ ਗੇਮ ਚੱਲੀ ਕਿ ਸੱਪ ਵੀ ਮਰ ਜਾਵੇ ਤਾਂ ਲਾਠੀ ਵੀ ਨਾ ਟੁੱਟੇ । ਇਹੋ ਕਾਰਣ ਸੀ ਕਿ ਧਰਨਿਆਂ ਤੋਂ ਲੈ ਕੇ ਰਾਜਪਾਲ ਨਾਲ ਮੁਲਾਕਾਤ ।ਬਾਗੀਆਂ ਨਾਲ ਬੇਠਕਾਂ ਤੋਂ ਲੈ ਕੇ ਪਾਰਟੀ ਪ੍ਰਧਾਨ ਦੇ ਸਮਾਗਮਾਂ ਤੋਂ ਦੂਰੀ , ਇਹ ਸੱਭ ਸਿੱਧੂ ਦੀ ਹੀ ਚਾਲ ਸੀ ਕਿ ਪਾਰਟੀ ਆਪ ਹੀ ਉਨ੍ਹਾਂ ਨੂੰ ਲਾਂਭੇ ਕਰ ਦੇਵੇ ਅਤੇ ਇਸਦਾ ਉਨ੍ਹਾਂ ਨੂੰ ਸਿਆਸੀ ਲਾਹਾ ਮਿਲ ਜਾਵੇ ।
ਸਿੱਧੂ ਵਾਂਗ ਪ੍ਰਸ਼ਾਂਤ ਕਿਸ਼ੋਰ ਨੂੰ ਵੀ ਕਾਂਗਰਸ ਅਤੇ ਰਾਹੁਲ ਗਾਂਧੀ ਤੋਂ ਬਹੁਤ ਉਮੀਦਾਂ ਸਨ ।ਇਹੋ ਕਾਰਣ ਸੀ ਕਿ ਕਾਂਗਰਸ ਦੇ ਇਕ ਵਾਰ ਕਹਿਣ ‘ਤੇ ਪੀ.ਕੇ ਮੁਫਤ ਚ ਕਾਂਗਰਸ ਲਈ 90 ਪੇਜਾਂ ਦੀ ਪ੍ਰੈਜੈਨਟੇਸ਼ਨ ਬਣਾ ਕੇ ਪੁੱਜ ਗਏ ।ਕਿਸੇ ਨੇ ਭਾਅ ਨਹੀਂ ਦਿੱਤਾ । ਹੁਣ ਹਾਲਾਤ ਇਹ ਹਨ ਕਿ ਉਹ ਆਪਣੀ ਹੀ ਪਾਰਟੀ ਬਣਾ ਰਹੇ ਹਨ ।ਖਬਰਾਂ ਹਨ ਕਿ ਸਿੱਧੂ ਵੀ ਪੀ.ਕੇ ਦੀ ਬੱਸ ਚ ਸਵਾਰੀ ਕਰਨ ਜਾ ਰਹੇ ਹਨ ।
ਕਾਂਗਰਸ ਦਾ ਨਾਰਾਜ਼ ਖੇਮਾ ਜੀ-23 ਸਾਰੇ ਘਟਨਾਕ੍ਰਮ ‘ਤੇ ਨਜ਼ਰ ਟਿਕਾਈ ਬੈਠਾ ਹੈ ।ਕੈਪਟਨ ਚਲੇ ਗਏ , ਸਿੱਧੂ ਅਤੇ ਜਾਖੜ ਜਾਣ ਦੀ ਤਿਆਰੀ ਚ ਹਨ ।ਪਿਛਲੇ ਤਿੰਨ ਵਾਰ ਦੇ ਕਾਂਗਰਸ ਪ੍ਰਧਾਨ ਕੁੱਝ ਹੀ ਸਮੇਂ ਚ ਗੈਰ ਕਾਂਗਰਸ ਹੁੰਦੇ ਨਜ਼ਰ ਆਉਣ ਵਾਲੇ ਹਨ ।ਸਿੱਧੂ ਦੇ ਨਾਲ ਸੁਨੀਲ ਜਾਖੜ ਵੀ ਕਾਂਗਰਸ ਹਾਈਕਮਾਨ ਨੂੰ ਹੈਰਾਨ ਕਰਨ ਵਾਲੇ ਹਨ ।
ਰਾਹੁਲ ਗਾਂਧੀ ਹੀ ਸਿੱਧੂ ਨੂੰ ਕਾਂਗਰਸ ਚ ਲੈ ਕੇ ਆਏ ਸਨ . ਪ੍ਰਸ਼ਾਂਤ ਕਿਸ਼ੋਰ ਨਾਲ ਵੀ ਕਿਸੇ ਸਮੇਂ ਉਨ੍ਹਾਂ ਦੀ ਹੀ ਨੇੜਤਾ ਸੀ । ਹੁਣ ਦੋਹੇਂ ਨੇਤਾ ਰੇਤ ਵਾਂਗ ਉਨ੍ਹਾਂ ਦੇ ਹੱਥੋਂ ਨਿਕਲਦੇ ਜਾ ਰਹੇ ਨੇ । ਸਿਰਫ ਨੇਤਾ ਹੀ ਨਹੀਂ ,ਸਾਰੀ ਸਿਆਸੀ ਗੇਮ ਵੀ ਰਾਹੁਲ ਹੱਥੋਂ ਲਗਭਗ ਨਿਕਲ ਚੁੱਕੀ ਹੈ । ਕੈਪਟਨ ਅਮਰਿੰਦਰ ਸਿੰਘ ਨੂੰ ਹੁਣ ਰਾਹੁਲ ਬਹੁਤ ਮਿਸ ਕਰਣਗੇ ।ਨਵਾਂ ਨੌ ਦਿਨ ,ਪੁਰਾਣਾ ਸੌ ਦਿਨ ।