ਨਰੂਆਣਾ ‘ਤੇ ਹਮਲਾ ਕਰਨ ਵਾਲੇ ਚਾਰ ਗੈਂਗਸਟਰ ਉਤਰਾਖੰਡ ‘ਚੋਂ ਕਾਬੂ, ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦੇ ਜਾਣਗੇ ਬਠਿੰਡਾ

ਬਠਿੰਡਾ- A ਸ਼ੇ੍ਣੀ ਦੇ ਗੈਂਗਸਟਰ ਰਹੇ ਕੁਲਵੀਰ ਨਰੂਆਣਾ ‘ਤੇ ਹਮਲਾ ਕਰਨ ਵਾਲੇ ਚਾਰ ਗੈਂਗਸਟਰਾਂ ਨੂੰ ਪੰਜਾਬ ਪੁਲਿਸ ਦੇ ਕਰਾਈਮ ਕੰਟਰੋਲ ਯੂਨਿਟ ਅਤੇ ਉੱਤਰਾਖੰਡ ਪੁਲਿਸ ਨੇ ਸਾਂਝੇ ਆਪੇ੍ਸ਼ਨ ਵਿਚ ਦੌਰਾਨ ਗਿ੍ਫ਼ਤਾਰ ਕਰ ਲਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸਐੱਸਪੀ ਬਠਿੰਡਾ ਭੁਪਿੰਦਰਜੀਤ ਸਿੰਘ ਵਿਰਕ ਨੇ ਦੱਸਿਆ ਕਿ ਇਨ੍ਹਾਂ ਗੈਂਗਸਟਰਾਂ ਨੂੰ ਪੋ੍ਡਕਸ਼ਨ ਵਾਰੰਟਾਂ ‘ਤੇ ਜਲਦੀ ਹੀ ਬਠਿੰਡਾ ਲਿਆਂਦਾ ਜਾਵੇਗਾ। ਉਨ੍ਹਾਂ ਦੱਸਿਆ ਕਿ ਨਰੂਆਣਾ ‘ਤੇ ਹੋਏ ਹਮਲੇ ਦੀ ਜ਼ਿੰਮੇਵਾਰੀ ਲੈਣ ਵਾਲਾ ਸੰਦੀਪ ਸਿੰਘ ਉਰਫ ਭੱਲਾ ਸੇਖੂ ਬਠਿੰਡਾ ਦਾ ਰਹਿਣ ਵਾਲਾ ਹੈ ਜਦਕਿ ਦੋ ਹੋਰ ਗੈਂਗਸਟਰ ਫਤਿਹ ਸਿੰਘ ਨਾਗਰੀ ਉਰਫ ਯੁਵਰਾਜ ਤੇ ਅਮਨਦੀਪ ਸਿੰਘ ਜ਼ਿਲ੍ਹਾ ਸੰਗਰੂਰ ਨਾਲ ਸਬੰਧਤ ਹਨ।

ਇਨ੍ਹਾਂ ਗੈਂਗਸਟਰਾਂ ਵੱਲੋਂ ਨਰੂਆਣਾ ‘ਤੇ ਕੀਤੇ ਗਏ ਹਮਲੇ ਤੋਂ ਬਾਅਦ 7 ਜੁਲਾਈ ਨੂੰ ਇਕ ਹੋਰ ਗੈਂਗਸਟਰ ਮਨਪ੍ਰੀਤ ਮੰਨਾ ਨੇ ਕੁਲਬੀਰ ਨਰੂਆਣਾ ਅਤੇ ਉਸ ਦੇ ਇਕ ਸਾਥੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਇਸ ਘਟਨਾ ਤੋਂ ਬਾਅਦ ਵੀ ਭੱਲਾ ਸੇਖੂ ਨੇ ਆਪਣੀ ਫੇਸਬੁੱਕ ‘ਤੇ ਪੋਸਟ ਪਾ ਕੇ ਕੁਲਬੀਰ ਨਰੂਆਣਾ ਦੀ ਹੱਤਿਆ ਤੇ ਖੁਸ਼ੀ ਪ੍ਰਗਟ ਕਰਦੇ ਹੋਏ ਗੈਂਗਸਟਰ ਮੰਨਾ ਨੂੰ ਵਧਾਈ ਦਿੱਤੀ ਸੀ। ਗੈਂਗਸਟਰ ਰਹੇ ਕੁਲਬੀਰ ਨਰੂਆਣਾ ਅਤੇ ਉਸ ਦੇ ਸਾਥੀਆਂ ਨੇ ਭੱਲਾ ਦੇ ਕਰੀਬੀ ਇਕ ਨੌਜਵਾਨ ਦੀਆਂ ਲੱਤਾਂ ਤੋੜ ਦਿੱਤੀਆਂ ਸਨ ਜਿਸ ਤੋਂ ਬਾਅਦ ਦੋਵਾਂ ਦੀ ਦੁਸ਼ਮਣੀ ਦਾ ਮੁੱਢ ਬੱਝਿਆ ਸੀ।

ਗੈਂਗਸਟਰ ਭੱਲਾ ਸੇਖੂ ਕਲਕੱਤਾ ਵਿਚ ਪੁਲਿਸ ਮੁਕਾਬਲੇ ਦੌਰਾਨ ਮਾਰੇ ਗਏ ਖਤਰਨਾਕ ਗੈਂਗਸਟਰ ਜੈਪਾਲ ਭੁੱਲਰ ਦਾ ਕਰੀਬੀ ਦੱਸਿਆ ਜਾ ਰਿਹਾ ਹੈ। ਪੁਲਿਸ ਸੂਤਰਾਂ ਅਨੁਸਾਰ ਸੇਖੂ ਭੱਲਾ ਅਤੇ ਫਤਹਿ ਨਾਗਰੀ ਨਰੂਆਣਾ ‘ਤੇ ਹਮਲਾ ਹਮਲੇ ਦੀ ਘਟਨਾ ਨੂੰ ਅੰਜਾਮ ਦੇਣ ਬਾਅਦ ਕੁਝ ਸਮਾਂ ਪੰਜਾਬ ਵਿਚ ਰਹੇ ਪਰ ਕੁਲਵੀਰ ਨਰੂਆਣਾ ਦੇ ਕਤਲ ਤੋਂ ਬਾਅਦ ਉਹ ਉਤਰਾਖੰਡ ‘ਚ ਜਾ ਕੇ ਲੁਕ ਗਏ। ਪੰਜਾਬ ਪੁਲਿਸ ਦੇ ਕਰਾਈਮ ਕੰਟਰੋਲ ਯੂਨਿਟ ਨੂੰ ਉਕਤ ਗੈਂਗਸਟਰਾਂ ਦੇ ਉੱਤਰਾਖੰਡ ਸੂਬੇ ਦੇ ਊਧਮ ਸਿੰਘ ਨਗਰ ਵਿਚ ਲੁਕੇ ਹੋਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਪੰਜਾਬ ਪੁਲਿਸ ਨੇ ਉੱਤਰਾਖੰਡ ਪੁਲਿਸ ਦੇ ਸਹਿਯੋਗ ਨਾਲ ਮੁਕਾਬਲੇ ਤੋਂ ਬਾਅਦ ਉਨ੍ਹਾਂ ਨੂੰ ਗਿ੍ਫ਼ਤਾਰ ਕਰ ਲਿਆ। ਉਕਤ ਗੈਂਗਸਟਰਾਂ ਨੂੰ ਸ਼ਰਨ ਦੇਣ ਵਾਲੇ ਜਗਵੰਤ ਸਿੰਘ ਵਾਸੀ ਗੁਲਜਾਰਪੁਰਾ ਕਾਂਸ਼ੀਪੁਰ ਨੂੰ ਵੀ ਪੁਲਿਸ ਨੇ ਗਿ੍ਫਤਾਰ ਕਰ ਲਿਆ ਹੈ।

ਭੇਸ ਬਦਲ ਕੇ ਰਹਿ ਰਿਹਾ ਸੀ ਭੱਲਾ ਸੇਖੂ

ਗੈਂਗਸਟਰ ਭੱਲਾ ਸੇਖੂ ਉਤਰਾਖੰਡ ਵਿਚ ਭੇਸ ਬਦਲ ਕੇ ਰਹਿ ਰਿਹਾ ਸੀ। ਉਹ ਆਪਣੀ ਫੇਸਬੁੱਕ ‘ਤੇ ਲਗਾਤਾਰ ਆਪਣੀਆਂ ਕਲੀਨ ਸ਼ੇਵ ਵਾਲੀਆਂ ਤਸਵੀਰਾਂ ਅੱਪਲੋਡ ਕਰ ਕੇ ਪੁਲਿਸ ਦੇ ਅੱਖਾਂ ਵਿਚ ਘੱਟਾ ਪਾਉਣ ਦਾ ਯਤਨ ਕਰ ਰਿਹਾ ਸੀ। ਹਰ ਸਮੇਂ ਕਲੀਨ ਸ਼ੇਵ ਰਹਿਣ ਵਾਲੇ ਭੱਲਾ ਸ਼ੇਖੂ ਨੇ ਹੁਣ ਆਪਣੀ ਦਾਹੜੀ ਕਾਫ਼ੀ ਵਧਾ ਲਈ ਸੀ ਅਤੇ ਸਿਰ ‘ਤੇ ਦਸਤਾਰ ਵੀ ਸਜਾਉਣ ਲੱਗਾ ਸੀ, ਜਿਸ ਕਾਰਨ ਉਸ ਦੀ ਬਿਲਕੁਲ ਵੀ ਪਛਾਣ ਨਹੀਂ ਆਉਂਦੀ ਸੀ। ਗਿ੍ਫ਼ਤਾਰੀ ਸਮੇਂ ਵੀ ਉਸ ਨੇ ਪੱਗ ਬੰਨ੍ਹੀ ਹੋਈ ਸੀ।