ਵਿਧਾਨ ਸਭਾ ਤੋਂ ਬਾਅਦ ਹੁਣ ਲੋਕ ਸਭਾ ਚੋਣ ਲੜਨ ਦੀ ਤਿਆਰੀ ‘ਚ ਸਿਮਰਨਜੀਤ ਸਿੰਘ ਮਾਨ

ਜਲੰਧਰ- ਵਿਧਾਨ ਸਭਾ ਹਲਕਾ ਅਮਰਗੜ੍ਹ ਤੋਂ ਚੋਣ ਹਾਰਨ ਵਾਲੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਹੁਣ ਲੋਕ ਸਭਾ ਦੀ ਜ਼ਿਮਣੀ ਚੋਣ ਚ ਕਿਸਮਤ ਅਜ਼ਮਾਉਣ ਜਾ ਰਹੇ ਹਨ । ਭਗਵੰਤ ਮਾਨ ਦੇ ਮੁੱਖ ਮੰਤਰੀ ਬਨਣ ਤੋਂ ਬਾਅਦ ਸੰਗਰੂਰ ਲੋਕ ਸਭਾ ਸੀਟ ਖਾਲੀ ਹੋ ਗਈ ਹੈ । ਜਿਸ’ਤੇ ਛੇਤੀ ਹੀ ਜ਼ਿਮਣੀ ਚੋਣ ਦਾ ਐਲਾਨ ਹੋ ਸਕਦਾ ਹੈ ।ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪੀ.ਏ.ਸੀ ਕਮੇਟੀ ਨੇ ਸਰਬਸੰਮਤੀ ਨਾਲ ਫੈਸਲਾ ਕਰ ਪਾਰਟੀ ਪ੍ਰਧਾਨ ਸਰਦਾਰ ਮਾਨ ਨੂੰ ਅੱਗੇ ਕਰਨ ਦੀ ਗੱਲ ਕੀਤੀ ਹੈ ।

ਸਿਮਰਨਜੀਤ ਸਿੰਘ ਮਾਨ ਨੇ ਪਾਰਟੀ ਦੇ ਫੈਸਲੇ ਨੂੰ ਕਬੂਲ ਕਰਦਿਆਂ ਚੋਣ ਮੈਦਾਨ ਚ ਉਤਰਨ ਦਾ ਐਲਾਨ ਕੀਤਾ ਹੈ । ਸਰਦਾਰ ਮਾਨ ਦਾ ਕਹਿਣਾ ਹੈ ਕਿ ਉਹ ਸੰਗਰੂਰ ਲੋਕ ਸਭਾ ਚੋਣ ਜਿੱਤਣ ਲਈ ਹਰੇਕ ਪੰਥਕ ਪਾਰਟੀ ਦੀ ਮਦਦ ਲੈਣਗੇ । ਉਨ੍ਹਾਂ ਕਿਹਾ ਕਿ ਹੁਣ ਸਮੇਂ ਦੀ ਲੋੜ ਹੈ ਕਿ ਕੋਈ ਪੰਥਕ ਨੁਮਾਇੰਦਾ ਲੋਕ ਸਭਾ ਚ ਜਾ ਕੇ ਕੌਮ ਦੀ ਪੈਰਵੀ ਕਰੇ । ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਲੰਮੇਂ ਸਮੇਂ ਤੱਕ ਦੇਸ਼ ਦੀਆਂ ਕੇਂਦਰ ਸਰਕਾਰਾਂ ਸਿੱਖ ਕੌਮ ਦੇ ਹੱਕਾਂ ਨੂੰ ਮਾਰ ਰਹੀਆਂ ਹਨ । ਅਜਿਹੇ ਚ ਉਨ੍ਹਾਂ ਦਾ ਲੋਕ ਸਭਾ ਚ ਜਾਨਾ ਲਾਜ਼ਮੀ ਹੋ ਗਿਆ ਹੈ ।ਜ਼ਿਕਰਯੋਗ ਹੈ ਕਿ ਸਰਦਾਰ ਮਾਨ ਨੇ 2022 ਦੀਆਂ ਵਿਧਾਨ ਸਭਾ ਚੋਣਾ ਚ ਹਲਕਾ ਅਮਰਗੜ੍ਹ ਤੋਂ ਚੋਣ ਲੜੀ ਸੀ । ਜਿੱਥੇ ਉਹ ‘ਆਪ’ ਉਮੀਦਵਾਰ ਜਸਵੰਤ ਸਿੰਘ ਗੱਜਨਮਾਜਰਾ ਤੋਂ 6043 ਵੋਟਾਂ ਦੇ ਫਰਕ ਨਾਲ ਚੋਣ ਹਾਰ ਗਏ ਸਨ । ਯੂਥ ਨੇਤਾ ਦੀਪ ਸਿੱਧੂ ਵੀ ਚੋਣਾ ਚ ਸਰਦਾਰ ਮਾਨ ਦਾ ਪ੍ਰਚਾਰ ਕਰ ਰਹੇ ਸਨ । ਇਨ੍ਹਾਂ ਚੋਣਾ ਦੌਰਾਨ ਹੀ ਉਨ੍ਹਾਂ ਦੀ ਸੜਕ ਦੁਰਘਟਨਾ ਚ ਮੌਤ ਹੋ ਗਈ ਸੀ ।

ਤੁਹਾਨੂੰ ਦੱਸ ਦਈਏ ਕਿ ਸਿਮਰਨਜੀਤ ਸਿੰਘ ਮਾਨ ਦੋ ਵਾਰ ਲੋਕ ਸਭਾ ਮੈਂਬਰ ਰਹਿ ਚੁੱਕੇ ਹਨ । 1989 ਚ ਤਰਨਤਾਰਨ ਅਤੇ 1999 ਚ ਉਹ ਇਸੇ ਸੰਗਰੂਰ ਸੀਟ ਤੋਂ ਹੀ ਚੋਣ ਜਿੱਤ ਕੇ ਲੋਕ ਸਭਾ ਜਾ ਚੁੱਕੇ ਹਨ ।