ਹੁਣ ਫੇਸਬੁੱਕ ਅਤੇ ਇੰਸਟਾਗ੍ਰਾਮ ’ਤੇ ਖ਼ਬਰਾਂ ਨਹੀਂ ਪੜ੍ਹ ਸਕਣਗੇ ਕੈਨੇਡੀਅਨ, ਜਾਣੋ ਵਜ੍ਹਾ

Ottawa-ਇੰਟਰਨੈੱਟ ਦਿੱਗਜਾਂ ਨੂੰ ਸਮਾਚਾਰ ਪ੍ਰਕਾਸ਼ਕਾਂ ਨੂੰ ਭੁਗਤਾਨ ਕਰਨ ਵਾਲੇ ਲਾਜ਼ਮੀ ਕਾਨੂੰਨ ਦੇ ਜਵਾਬ ’ਚ ਅੱਜ ਮੈਟਾ ਪਲੇਟਫਾਰਮ ਨੇ ਕੈਨੇਡਾ ਦੇ ਸਾਰੇ ਉਪਭੋਗਤਾਵਾਂ ਲਈ ਫੇਸਬੁੱਕ ਅਤੇ ਇੰਸਟਾਗ੍ਰਾਮ ’ਤੇ ਖ਼ਬਰਾਂ ਤੱਕ ਪਹੁੰਚ ਖ਼ਤਮ ਕਰਨ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ। ਫ਼ੈਡਰਲ ਸਰਕਾਰ ਵਲੋਂ ਜੂਨ ’ਚ ਆਪਣਾ ਆਨਲਾਈਨ ਨਿਊਜ਼ ਐਕਟ, ਬਿੱਲ ਸੀ-18 ਪਾਸ ਕਰਨ ਤੋਂ ਬਾਅਦ ਫੇਸਬੁੱਕ ਅਤੇ ਇੰਸਟਾਗ੍ਰਾਮ ਦੀ ਮਾਲਕ ਕੰਪਨੀ ਮੈਟਾ ਨੇ ਇਹ ਕਦਮ ਚੁੱਕਣ ਦਾ ਸੰਕੇਤ ਦਿੱਤਾ ਹੈ। ਇਸ ਨਵੇਂ ਕਾਨੂੰਨ ਦਾ ਉਦੇਸ਼ ਗੂਗਲ ਅਤੇ ਫੇਸਬੁੱਕ ਵਰਗੇ ਡਿਜ਼ੀਟਲ ਦਿੱਗਜਾਂ ਦੇ ਪਲੇਟਫਾਰਮਾਂ ’ਤੇ ਨਿਊਜ਼ ਸਮੱਗਰੀ ਨੂੰ ਪ੍ਰਕਾਸ਼ਿਤ ਕਰਨ ਜਾਂ ਲਿੰਕ ਕਰਨ ‘ਤੇ ਇਨ੍ਹਾਂ ਕੰਪਨੀਆਂ ਵਲੋਂ ਕੈਨੇਡੀਅਨ ਨਿਊਜ਼ ਆਊਟਲੇਟਸ ਨੂੰ ਵਾਜਬ ਮੁਆਵਜ਼ਾ ਯਕੀਨੀ ਬਣਾਉਣਾ ਹੈ।
ਇਸ ਬਾਰੇ ’ਚ ਕੈਨੇਡਾ ’ਚ ਮੈਟਾ ਦੀ ਜਨਤਕ ਨੀਤੀ ਦੇ ਮੁਖੀ ਰਾਚੇਲ ਕੁਰੇਨ ਨੇ ਕਿਹਾ, ‘‘ਸਾਡੇ ਪਲੇਟਫਾਰਮਾਂ ਦੀ ਵਰਤੋਂ ਕਰਨ ਵਾਲੇ ਲੱਖਾਂ ਕੈਨੇਡੀਅਨ ਲੋਕਾਂ ਅਤੇ ਕਾਰੋਬਰਾਂ ਨੂੰ ਸਪਸ਼ਟਤਾ ਪ੍ਰਦਾਨ ਕਰਨ ਲਈ ਅੱਜ ਅਸੀਂ ਇਹ ਐਲਾਨ ਕਰ ਰਹੇ ਹਾਂ ਕਿ ਅਸੀਂ ਕੈਨੇਡਾ ’ਚ ਖ਼ਬਰਾਂ ਦੀ ਉਪਲਬਧਾ ਨੂੰ ਸਥਾਈ ਰੂਪ ਨਾਲ ਖ਼ਤਮ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।’’ ਉਨ੍ਹਾਂ ਅੱਗੇ ਕਿਹਾ,‘‘ਨਿਊਜ਼ ਆਉਟਲੈੱਟ ਆਪਣੇ ਦਰਸ਼ਕਾਂ ਦਾ ਵਿਸਥਾਰ ਕਰਨ ਅਤੇ ਆਪਣੀ ਹੇਠਲੀ ਰੇਖਾ ਦੀ ਮਦਦ ਕਰਨ ਲਈ ਮਨਮਰਜ਼ੀ ਨਾਲ ਫੇਸਬੁੱਕ ਅਤੇ ਇੰਸਟਾਗ੍ਰਾਮ ’ਤੇ ਸਮੱਗਰੀ ਸਾਂਝੀ ਕਰਦੇ ਹਨ। ਇਸ ਦੇ ਉਲਟ ਅਸੀਂ ਜਾਣਦੇ ਹਾਂ ਕਿ ਸਾਡੇ ਪਲੇਟਫਾਰਮਾਂ ਦੀ ਵਰਤੋਂ ਕਰਨ ਵਾਲੇ ਲੋਕ ਖ਼ਬਰਾਂ ਲਈ ਸਾਡੇ ਕੋਲ ਨਹੀਂ ਆਉਂਦੇ।’’ ਉੱਧਰ ਕੈਨੇਡੀਅਨ ਹੈਰੀਟੇਜ ਮੰਤਰੀ ਪਾਸਕੇਲ ਸੇਂਟ-ਓਂਜ ਦੇ ਦਫ਼ਤਰ, ਜੋ ਕਿ ਮੇਟਾ ਨਾਲ ਸਰਕਾਰ ਦੇ ਸੌਦੇ ਦੇ ਇੰਚਾਰਜ ਹਨ, ਨੇ ਇਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।
ਕੰਪਨੀ ਦੇ ਪਲੇਟਫਾਰਮ ‘ਤੇ ਇਸ ਬਦਲਾਅ ਨੂੰ ਲਾਗੂ ਕਰਨ ’ਚ ਕੁਝ ਹਫਤੇ ਲੱਗਣ ਦੀ ਸੰਭਾਵਨਾ ਹੈ। ਸੀ-18 ਦੇ ਕਾਨੂੰਨ ਬਣਨ ਦੀ ਤਿਆਰੀ ਦੌਰਾਨ ਕੰਪਨੀ ਕੁਝ ਕੈਨੇਡੀਅਨਾਂ ਲਈ ਖ਼ਬਰਾਂ ਦੀ ਸਮੱਗਰੀ ਨੂੰ ਰੋਕ ਰਹੀ ਸੀ ਪਰ ਹੁਣ ਇਸ ਰੋਕ ਦਾ ਕੈਨੇਡਾ ਭਰ ’ਚ ਵਿਸਤਾਰ ਕੀਤਾ ਜਾ ਰਿਹਾ ਹੈ, ਜਿਸ ਦਾ ਸਿੱਧਾ ਮਤਲਬ ਹੈ ਕਿ ਹੁਣ ਕੈਨੇਡੀਅਨ ਫੇਸਬੁੱਕ ਜਾਂ ਇੰਸਟਾਗ੍ਰਾਮ ’ਤੇ ਖ਼ਬਰਾਂ ਦੀ ਸਮੱਗਰੀ ਨੂੰ ਦੇਖਣ ਜਾਂ ਉਨ੍ਹਾਂ ਨੂੰ ਪੋਸਟ ਕਰਨ ਦੇ ਯੋਗ ਨਹੀਂ ਹੋਣਗੇ। ਨਿਊਜ਼ ਆਉਟਲੈਟਸ, ਜਿਸ ਵਿਚ ਅੰਤਰਰਾਸ਼ਟਰੀ ਆਊਟਲੈਟਸ ਵੀ ਸ਼ਾਮਲ ਹਨ, ਦੀ ਸਮੱਗਰੀ ਹੁਣ ਕੈਨੇਡਾ ਵਿਚ ਫ਼ੇਸਬੁੱਕ ‘ਤੇ ਬਲਾਕ ਹੋਣੀ ਸ਼ੁਰੂ ਹੋ ਜਾਵੇਗੀ।
ਇੱਥੇ ਇਹ ਦੱਸਣਾ ਬਣਦਾ ਹੈ ਕਿ ਕੈਨੇਡਾ ਵਲੋਂ ਆਸਟ੍ਰੇਲੀਆ ਦੀ ਤਰਜ਼ ’ਤੇ ਬਿੱਲ ਸੀ-18 ਦੀ ਤਿਆਰ ਕੀਤਾ ਗਿਆ ਹੈ। ਆਸਟ੍ਰੇਲੀਆ ਨੇ ਹੀ ਸਭ ਤੋਂ ਪਹਿਲਾਂ ਡਿਜ਼ੀਟਲ ਕੰਪਨੀਆਂ ਨੂੰ ਖ਼ਬਰਾਂ ਦੀ ਸਮੱਗਰੀ ਦੀ ਵਰਤੋਂ ਲਈ ਨਿਊਜ਼ ਅਦਾਰਿਆਂ ਨੂੰ ਭੁਗਤਾਨ ਲਈ ਮਜਬੂਰ ਕੀਤਾ ਸੀ। ਮੈਟਾ ਵਲੋਂ ਇਸ ਕਾਨੂੰਨ ਦਾ ਕਾਫ਼ੀ ਵਿਰੋਧ ਕੀਤਾ ਗਿਆ ਅਤੇ ਉਸ ਨੇ ਆਸਟ੍ਰੇਲੀਆ ’ਚ ਖ਼ਬਰਾਂ ਦੀ ਉਪਲਬਧਤਾ ’ਤੇ ਰੋਕ ਲਗਾ ਦਿੱਤੀ ਸੀ। ਬਾਅਦ ਕੰਪਨੀ ਨੇ ਆਸਟ੍ਰੇਲੀਅਨ ਸਰਕਾਰ ਨਾਲ ਸਮਝੌਤਾ ਕਰਕੇ ਇਸ ਰੋਕ ਨੂੰ ਹਟਾ ਦਿੱਤਾ ਸੀ।