ਕਿਸਾਨ ਅੰਦੋਲਨ ‘ਚੋਂ ਟਰਾਲਾ ਚੋਰੀ ਦੇ ਦੋਸ਼ ‘ਚ ਨਾਮਜ਼ਦ ਪੰਚਾਇਤ ਮੈਂਬਰ ਦੇ ਮੁੰਡੇ ਨੇ ਖਾਧਾ ਜ਼ਹਿਰ

ਜਗਰਾਓਂ : ਦਿੱਲੀ ਦੇ ਕੁੰਡਲੀ ਬਾਰਡਰ ਤੋਂ ਪਿਛਲੇ ਦਿਨੀਂ ਚੋਰੀ ਹੋਏ ਟਰਾਲੇ ਦੇ ਮਾਮਲੇ ‘ਚ ਜਗਰਾਓਂ ਦੇ ਪਿੰਡ ਗਾਲਿਬ ਕਲਾਂ ਦੇ ਪੰਚ ਨੂੰ ਦੋਸ਼ੀ ਠਹਿਰਾਏ ਜਾਣ ਤੋਂ ਪਰੇਸ਼ਾਨ ਹੋ ਕੇ ਉਸ ਦੇ ਪੁੱਤ ਨੇ ਬੀਤੀ ਰਾਤ ਜ਼ਹਿਰ ਖਾ ਲਿਆ। ਗੰਭੀਰ ਹਾਲਤ ‘ਚ ਉਸ ਨੂੰ ਜਗਰਾਉਂ ਦੇ ਕਲਿਆਣੀ ਹਸਪਤਾਲ ਚ ਦਾਖਲ ਕਰਵਾਇਆ ਗਿਆ।

ਗੌਰਤਲਬ ਹੈ ਕਿ ਇਸ ਟਰਾਲਾ ਚੋਰੀ ਮਾਮਲੇ ਵਿਚ ਕੁੰਡਲੀ ਥਾਣੇ ਦੀ ਪੁਲਿਸ ਨੇ ਜਗਰਾਓਂ ਦੇ ਪਿੰਡ ਗਾਲਿਬ ਕਲਾਂ ਦੇ ਪੰਚ ਖ਼ਿਲਾਫ ਮੁਕੱਦਮਾ ਦਰਜ ਕਰ ਲਿਆ। ਮੁਕੱਦਮਾ ਦਰਜ ਕਰਨ ਤੋਂ ਬਾਅਦ ਬੀਤੇ ਕੱਲ ਉਥੋਂ ਦੀ ਪੁਲਿਸ ਟੀਮ ਪੰਚ ਨੂੰ ਗ੍ਰਿਫ਼ਤਾਰ ਕਰਨ ਪਿੰਡ ਪਹੁੰਚੀ ਪਰ ਪੰਚ ਘਰ ਨਾ ਮਿਲਣ ‘ਤੇ ਪੁਲਿਸ ਨੇ ਪਿੰਡ ਹੀ ਡੇਰਾ ਲਾ ਲਿਆ।

ਟਰਾਲਾ ਚੋਰੀ ਹੋਣ ਤੋਂ ਲੈ ਕੇ ਇਸ ਪੂਰੇ ਮਾਮਲੇ ‘ਤੇ ਵਿਵਾਦ ਦੀ ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓ ਕਾਰਨ ਪੂਰੇ ਪਰਿਵਾਰ ਦੀ ਹੋਈ ਬੇਇੱਜ਼ਤੀ ਦੇ ਕਾਰਨ ਪੰਚ ਦੇ ਨੌਜਵਾਨ ਪੁੱਤ ਨੇ ਬੀਤੀ ਰਾਤ ਜ਼ਹਿਰੀਲੀ ਦਵਾਈ ਖਾ ਲਈ ਜਿਸ ਨਾਲ ਉਸ ਦੀ ਹਾਲਤ ਵਿਗੜਦੀ ਦੇਖ ਪਰਿਵਾਰ ਨੇ ਕਲਿਆਣੀ ਹਸਪਤਾਲ ‘ਚ ਦਾਖਲ ਕਰਵਾਇਆ ਸੀ।

ਟੀਵੀ ਪੰਜਾਬ ਬਿਊਰੋ