ਪੰਜਾਬ ਯੂਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਸੂਬਾ ਪੱਧਰੀ ਰੋਸ ਰੈਲੀ

ਬਠਿੰਡਾ : ਪੰਜਾਬ ਯੂਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਵਰਕਰ ਆਪਣੀਆਂ ਮੰਗਾਂ ਲਈ ਅੱਜ ਇੱਥੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦਫ਼ਤਰ ਨੇੜੇ ਸੂਬਾ ਪੱਧਰੀ ਰੋਸ ਰੈਲੀ ’ਚ ਛੇਵੇਂ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਨ ਲਈ ਸਰਕਾਰ ’ਤੇ ਜਾਣ-ਬੁੱਝ ਕੇ ਅੜਿੱਕੇ ਪਾਉਣ ਦਾ ਦੋਸ਼ ਲਾਇਆ।

ਆਗੂਆਂ ਨੇ ਕਿਹਾ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਕਥਿਤ 11 ਪ੍ਰਤੀਸ਼ਤ ਡੀਏ ਦੇਣ ਲਈ ਮੁੱਖ ਮੰਤਰੀ ਵੱਲੋਂ ਲੰਘੀ 1 ਜੁਲਾਈ ਨੂੰ ਆਦੇਸ਼ ਜਾਰੀ ਹੋਏ ਸਨ ਪਰ ਵਿੱਤ ਮੰਤਰੀ ਨੇ 1 ਨਵੰਬਰ ਤੋਂ ਪੈਨਸ਼ਨਰਾਂ ਨੂੰ ਡੀਲਿੰਕ ਕਰਕੇ ਕੇਵਲ ਮੁਲਾਜ਼ਮਾਂ ਲਈ ਪੱਤਰ ਜਾਰੀ ਕਰ ਦਿੱਤਾ।

ਉਨ੍ਹਾਂ ਕਿਹਾ ਕਿ ਬੱਝਵਾਂ ਮੈਡੀਕਲ ਭੱਤਾ ਵੀ ਸਿਰਫ ਮੁਲਾਜ਼ਮਾਂ ਲਈ ਜਾਰੀ ਕੀਤਾ ਗਿਆ। ਉਨ੍ਹਾਂ ਆਖਿਆ ਕਿ ਕੈਬਨਿਟ ਸਬ ਕਮੇਟੀ ਵੱਲੋਂ ਕੀਤੇ ਫੈਸਲਿਆਂ ਨੂੰ ਵਿੱਤ ਮੰਤਰੀ ਮੰਨਣ ਲਈ ਤਿਆਰ ਨਹੀਂ।

ਉਨ੍ਹਾਂ ਕਿਹਾ ਕਿ ਸਾਰੇ ਕੱਚੇ ਮੁਲਾਜ਼ਮਾਂ ਨੂੰ ਵੀ ਪੱਕੇ ਨਹੀਂ ਕੀਤਾ ਜਾ ਰਿਹਾ ਅਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਨਹੀਂ ਕੀਤੀ ਜਾ ਰਹੀ। ਆਗੂਆਂ ਨੇ ਵਿੱਤ ਮੰਤਰੀ ’ਤੇ ਕਰਮਚਾਰੀਆਂ ਦੇ ਸਕੇਲਾਂ ਦਾ ਬਕਾਇਆ 9 ਕਿਸ਼ਤਾਂ ਵਿਚ ਦੇਣ ਦਾ ‘ਤੁਗ਼ਲਕੀ ਹੁਕਮ’ ਜਾਰੀ ਕਰਨ ਦੇ ਇਲਜ਼ਾਮ ਲਾਉਂਦਿਆ ਆਖਿਆ ਕਿ ਇਸ ਤੋਂ ਪਹਿਲੇ ਪੰਜ ਤਨਖ਼ਾਹ ਕਮਿਸ਼ਨਾਂ ਦਾ ਬਕਾਇਆ ਦੋ ਜਾਂ ਤਿੰਨ ਕਿਸ਼ਤਾਂ ਵਿਚ ਦਿੱਤਾ ਜਾਂਦਾ ਰਿਹਾ ਹੈ।

ਪ੍ਰਦਰਸ਼ਨ ਵਿਚ ਰਣਜੀਤ ਸਿੰਘ, ਗੁਰਸੇਵਕ ਸਿੰਘ ਸੰਧੂ, ਗਗਨਦੀਪ ਸਿੰਘ, ਜਤਿੰਦਰ ਕਿ੍ਰਸ਼ਨ, ਮੱਖਣ ਸਿੰਘ ਖਣਗਵਾਲ, ਮਨਜੀਤ ਸਿੰਘ ਧੰਜਲ, ਸੁਖਵਿੰਦਰ ਸਿੰਘ ਕਿਲੀ, ਕਿਸ਼ੋਰ ਚੰਦ ਗਾਜ, ਨੈਬ ਸਿੰਘ ਔਲਖ, ਅਰੁਣ ਕੁਮਾਰ, ਵਜ਼ੀਰ ਸਿੰਘ, ਦਰਸ਼ਨ ਸ਼ਰਮਾ, ਸ਼ਾਮ ਸਰੂਪ ਮੌਜੂਦ ਸਨ।

ਟੀਵੀ ਪੰਜਾਬ ਬਿਊਰੋ