Site icon TV Punjab | Punjabi News Channel

ਪੰਜਾਬ ‘ਚ ਇਕ ਦਿਨ ‘ਚ ਪਰਾਲੀ ਸਾੜਨ ਦੇ 1150 ਨਵੇਂ ਮਾਮਲੇ, 11 ਕਿਸਾਨਾਂ ‘ਤੇ ਕੇਸ ਹੋਇਆ ਦਰਜ

ਡੈਸਕ- ਪੁਲਿਸ ਤੇ ਪ੍ਰਸ਼ਾਸਨ ਦੇ ਸਖਤ ਹੁਕਮਾਂ ਦੇ ਬਾਵਜੂਦ ਕਿਸਾਨ ਪਰਾਲੀ ਸਾੜਨ ਤੋਂ ਬਾਜ਼ ਨਹੀਂ ਆ ਰਹੇ ਹਨ। ਬੀਤੇ ਦਿਨੀਂ ਪਰਾਲੀ ਸਾੜਨ ਦੇ ਮਾਮਲਿਆਂ ਨੇ ਪਿਛਲੇ 2 ਸਾਲਾਂ ਦਾ ਰਿਕਾਰਡ ਤੋੜ ਦਿੱਤਾ। ਪਰਾਲੀ ਸਾੜਨ ਦੇ 1150 ਨਵੇਂ ਮਾਮਲੇ ਸਾਹਮਣੇ ਆਏ। ਸਾਲ 2021 ਵਿਚ 17 ਨਵੰਬਰ ਨੂੰ 523 ਤੇ ਸਾਲ 2022 ਵਿਚ ਇਸੇ ਦਿਨ 966 ਮਾਮਲੇ ਰਿਪੋਰਟ ਹੋਏ ਸਨ। ਦੂਜੇ ਪਾਸੇ ਪਰਾਲੇ ਦੇ ਲਗਾਤਾਰ ਸੜਨ ਨਾਲ ਪੰਜਾਬ ਦੀ ਹਵਾ ਵਿਚ ਪ੍ਰਦੂਸ਼ਣ ਦੀ ਮਾਤਰਾ ਫਿਲਹਾਲ ਘੱਟ ਨਹੀਂ ਹੋ ਰਹੀ ਹੈ।

ਸ਼ੁੱਕਰਵਾਰ ਨੂੰ ਜਲੰਧਰ, ਲੁਧਿਆਣਾ ਤੇ ਮੰਡੀ ਗੋਬਿੰਦਗੜ੍ਹ ਵਿਚ ਏਅਰ ਕੁਆਲਿਟੀ ਇੰਡੈਕਸ ਪੱਧਰ ਖਰਾਬ ਸ਼੍ਰੇਣੀ ਵਿਚ ਦਰਜ ਕੀਤਾ ਗਿਆ।

ਜਲੰਧਰ ਦਾ AQI 235, ਲੁਧਿਆਣੇ ਦਾ 225, ਮੰਡੀ ਗੋਬਿੰਦਗੜ੍ਹ ਦਾ 231, ਅੰਮ੍ਰਿਤਸਰ ਦਾ 189, ਖੰਨੇ ਦਾ 139 ਤੇ ਪਟਿਆਲੇ ਦਾ 182 ਦਰ ਕੀਤਾ ਗਿਆ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਆਦਰਸ਼ ਪਾਲ ਵਿਗ ਦਾ ਦਾਅਵਾ ਹੈ ਕਿ ਵੱਖ-ਵੱਖ ਵਿਭਾਗਾਂ ਦੀਆਂ ਟੀਮਾਂ ਬਣਾ ਕੇ ਹੇਠਲੇ ਪੱਧਰ ਤੱਕ ਲਗਾਤਾਰ ਮਾਨੀਟਰਿੰਗ ਕੀਤੀ ਜਾ ਰਹੀ ਹੈ।

ਸ਼ੁੱਕਰਵਾਰ ਨੂੰ ਸਭ ਤੋਂ ਵੱਧ ਪਰਾਲੀ ਮੋਗਾ ਜ਼ਿਲ੍ਹੇ ਵਿਚ ਸੜੀ। ਇਥੇ 225 ਮਾਮਲੇ ਰਿਪੋਰਟ ਕੀਤੇ ਗਏ। ਦੂਜੇ ਪਾਸੇ ਬਰਨਾਲਾ ‘ਚ 117, ਫਿਰੋਜ਼ਪੁਰ ‘ਚ 114, ਸੰਗਰੂਰ ‘ਚ 110, ਬਠਿੰਡਾ ‘ਚ 109, ਫਰੀਦਕੋਟ ‘ਚ 101, ਫਾਜ਼ਿਲਕਾ ‘ਚ 81, ਮੁਕਤਸਰ ‘ਚ 70, ਲੁਧਿਆਣਾ ‘ਚ 63, ਜਲੰਧਰ ‘ਚ 42 ਤੇ ਪਟਿਆਲਾ ‘ਚ ਪਰਾਲੀ ਸਾੜਨ ਦੇ 22 ਮਾਮਲੇ ਸਾਹਮਣੇ ਆਏ। ਇਸੇ ਤਰ੍ਹਾਂ ਤੋਂ ਹੁਣ ਤੱਕ ਪਰਾਲੀ ਸਾੜਨ ਦੇ ਕੁੱਲ ਮਾਮਲਿਆਂ ਦੀ ਗਿਣਤੀ 33082 ਪਹੁੰਚ ਗਈ ਹੈ। ਬੀਤੇ ਦੋ ਸਾਲਾ ਦੀ ਗੱਲ ਕੀਤੀ ਜਾਵੇ ਤਾਂ 2021 ਵਿਚ 17 ਨਵੰਬਰ ਤੱਕ ਪਰਾਲੀ ਸਾੜਨ ਦੇ ਕੁੱਲ 69300 ਤੇ ਸਾਲ 2022 ਵਿਚ 47788 ਮਾਮਲੇ ਸਾਹਮਣੇ ਆਏ ਸਨ।

ਪੁਲਿਸ ਨੇ ਫਿਰੋਜ਼ਪੁਰ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿਚ ਪਰਾਲੀ ਸਾੜਨ ਵਾਲੇ ਇਕ ਕਿਸਾਨ ਗੁਰਜੰਟ ਸਿੰਘ ਨੂੰ ਨਾਮਜ਼ਦ ਕਰਕੇ 11 ਖਿਲਾਫ ਮਾਮਲਾ ਦਰਜ ਕੀਤਾ ਹੈ। ਇਹ ਕਿਸਾਨ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਹੁਕਮ ਦੇ ਬਾਵਜੂਦ ਪਰਾਲੀ ਨੂੰ ਅੱਗ ਲਗਾ ਕੇ ਪ੍ਰਦੂਸ਼ਣ ਫੈਲਾ ਰਹੇ ਸਨ। ਪੁਲਿਸ ਨੇ ਹੁਸੈਨੀਵਾਲਾ ਵਰਕਸ਼ਾਪ ਰੋਡ, ਬਸਤੀ ਮੂਲੇ ਵਾਲੀ, ਸਦਰਦੀਨ ਵਾਲਾ, ਮਿਸਰੀ ਵਾਲਾ, ਕਰਮਿਤੀ, ਬੋਤੀਆਂ ਵਾਲਾ, ਕਿਲੀ ਬੋਦਲਾ, ਗੁਦੜ ਢੰਡੀ ਤੇ ਝਾਜੀ ਵਾਲਾ ਵਿਚ ਇਹ ਕਾਰਵਾਈ ਕੀਤੀ ਹੈ।

Exit mobile version