ਟਰੂਡੋ ਨੇ ਇਜ਼ਰਾਈਲ ਦੇ ਕੈਬਨਿਟ ਮੰਤਰੀ ਨਾਲ ਕੀਤੀ ਗੱਲਬਾਤ

Ottawa- ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਜ਼ਰਾਈਲ ਲਈ ਕੈਨੇਡਾ ਦੇ ਸਮਰਥਨ ਦੀ ਪੁਸ਼ਟੀ ਕਰਨ ਲਈ ਇਜ਼ਰਾਈਲੀ ਯੁੱਧ ਕੈਬਨਿਟ ਦੇ ਮੈਂਬਰ ਬੈਨੀ ਗੈਂਟਜ਼ ਨਾਲ ਗੱਲਬਾਤ ਕੀਤੀ ਅਤੇ ਅੰਤਰਰਾਸ਼ਟਰੀ ਕਾਨੂੰਨਾਂ ਅਨੁਸਾਰ ਆਪਣੀ ਰੱਖਿਆ ਕਰਨ ਦੇ ਇਜ਼ਰਾਈਲ ਦੇ ਅਧਿਕਾਰ ਦੀ ਪੁਸ਼ਟੀ ਕੀਤੀ। ਪ੍ਰਧਾਨ ਮੰਤਰੀ ਦਫ਼ਤਰ ਵਲੋਂ ਵੀਰਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ।
ਬੁੱਧਵਾਰ ਸ਼ਾਮੀਂ ਦੋਹਾਂ ਨੇਤਾਵਾਂ ਵਿਚਾਲੇ ਹੋਈ ਗੱਲਬਾਤ ਬਾਰੇ ਪ੍ਰਧਾਨ ਮੰਤਰੀ ਦੇ ਦਫ਼ਤਰ ਨੇ ਕਿਹਾ ਕਿ ਟਰੂਡੋ ਨੇ ਇਜ਼ਰਾਈਲ-ਹਮਾਸ ਯੁੱਧ ’ਚ ਨਾਗਰਿਕਾਂ ਦੀ ਸੁਰੱਖਿਆ ਅਤੇ ਜਾਨੀ ਨੁਕਸਾਨ ਨੂੰ ਘੱਟ ਕਰਨ ਲਈ ਹਰ ਸੰਭਵ ਉਪਾਅ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ।
ਗੈਂਟਜ਼ ਨੇ ਵੀਰਵਾਰ ਸਵੇਰੇ ਐਕਸ (ਟਵਿੱਟਰ) ’ਤੇ ਇਸ ਗੱਲਬਾਤ ਬਾਰੇ ਜ਼ਿਕਰ ਕੀਤਾ ਅਤੇ ਲਿਖਿਆ ਕਿ ਟਰੂਡੋ ਨੇ ਮੈਨੂੰ ਇਜ਼ਰਾਈਲ ਰਾਜ ਅਤੇ ਇਜ਼ਰਾਈਲ ਦੇ ਸਵੈ-ਰੱਖਿਆ ਦੇ ਅਧਿਕਾਰ ਲਈ ਆਪਣੇ ਲੰਬੇ ਸਮੇਂ ਤੋਂ ਚੱਲੇ ਆ ਰਹੇ ਸਮਰਥਨ ਬਾਰੇ ਦੱਸਿਆ। ਗੈਂਟਜ਼ ਨੇ ਕਿਹਾ, ‘‘ਅਸੀਂ ਗਾਜ਼ਾ ’ਚ ਜੰਗ ਦੇ ਵਿਕਾਸ, ਹਮਾਸ ਦੇ ਅੱਤਵਾਦੀ ਹਮਲੇ ਅਤੇ ਗਾਜ਼ਾ ’ਚ ਬੰਧਕਾਂ ਨੂੰ ਤੁਰੰਤ ਰਿਹਾਅ ਕਰਨ ਦੀਆਂ ਕੋਸ਼ਿਸ਼ਾਂ ਬਾਰੇ ਚਰਚਾ ਕੀਤੀ।’’
ਦੋਹਾਂ ਬਿਆਨਾਂ ’ਚ ਇਹ ਵੀ ਕਿਹਾ ਗਿਆ ਕਿ ਦੋਹਾਂ ਨੇਤਾਵਾਂ ਨੇ ਵਧ ਰਹੇ ਯਹੂਦੀ ਵਿਰੋਧੀਵਾਦ ਬਾਰੇ ਆਪਣੀਆਂ ਚਿੰਤਾਵਾਂ ਬਾਰੇ ਚਰਚਾ ਕੀਤੀ ਅਤੇ ਹਮਾਸ ਬਾਰੇ ਗੱਲ ਕੀਤੀ, ਜਿਸ ਨੂੰ ਕੈਨੇਡਾ ਇੱਕ ਅੱਤਵਾਦੀ ਸੰਗਠਨ ਵਜੋਂ ਮਾਨਤਾ ਦਿੰਦਾ ਹੈ, ਜਿਹੜਾ ਕਿ ਗਾਜ਼ਾ ਪੱਟੀ ’ਚ ਨਾਗਰਿਕਾਂ ਨੂੰ ਮਨੁੱਖੀ ਢਾਲ ਵਜੋਂ ਵਰਤਦਾ ਹੈ।
ਪ੍ਰਧਾਨ ਮੰਤਰੀ ਦੇ ਦਫਤਰ ਨੇ ਕਿਹਾ, ‘‘ਪ੍ਰਧਾਨ ਮੰਤਰੀ ਟਰੂਡੋ ਨੇ ਇਜ਼ਰਾਈਲ ਅਤੇ ਫਲਸਤੀਨੀਆਂ ਦੇ ਸ਼ਾਂਤੀ, ਸਨਮਾਨ ਅਤੇ ਸੁਰੱਖਿਆ ਨਾਲ ਰਹਿਣ ਦੇ ਅਧਿਕਾਰ ਲਈ ਕੈਨੇਡਾ ਦੇ ਸਮਰਥਨ ਨੂੰ ਦੁਹਰਾਇਆ ਅਤੇ ਉਨ੍ਹਾਂ ਨੇ ਦੋ-ਰਾਜੀ ਹੱਲ ਲਈ ਕੈਨੇਡਾ ਦੇ ਸਥਾਈ ਸਮਰਥਨ ਦੀ ਪੁਸ਼ਟੀ ਕੀਤੀ।’’
ਦੱਸਣਯੋਗ ਹੈ ਕਿ ਟਰੂਡੋ ਦੀ ਗੈਂਟਜ਼ ਨਾਲ ਗੱਲਬਾਤ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੁਆਰਾ ਜਨਤਕ ਤੌਰ ’ਤੇ ਟਰੂਡੋ ਦੀਆਂ ਸਖ਼ਤ ਸ਼ਬਦਾਂ ਵਾਲੀਆਂ ਟਿੱਪਣੀਆਂ ’ਤੇ ਪ੍ਰਤੀਕ੍ਰਿਆ ਦੇਣ ਤੋਂ ਬਾਅਦ ਹੋਈ ਹੈ, ਜਿਸ ’ਚ ਕੈਨੇਡਾ ਨੇ ਇਜ਼ਰਾਈਲ ਨੂੰ ਨਾਗਰਿਕ ਜੀਵਨ ਨੂੰ ਸੁਰੱਖਿਅਤ ਰੱਖਣ ਲਈ ‘ਵੱਧ ਤੋਂ ਵੱਧ ਸੰਜਮ’ ਵਰਤਣ ਦੀ ਅਪੀਲ ਕੀਤੀ ਸੀ। ਹਾਲਾਂਕਿ ਇਸ ਤੋਂ ਬਾਅਦ ਨੇਤਨਯਾਹੂ ਨੇ ਟਰੂਡੋ ਸਖ਼ਤ ਤਾੜਨਾ ਕੀਤੀ ਸੀ ਅਤੇ ਕਿਹਾ ਸੀ ਕਿ ਇਜ਼ਰਾਈਲ ਨਹੀਂ, ਬਲਕਿ ਹਮਾਸ ਅਜਿਹਾ ਕਰ ਰਿਹਾ ਹੈ।