ਪੀ.ਏ.ਯੂ. ਨੇ ਕਿਸਾਨਾਂ ਨੂੰ ਦੱਸੇ ਜੈਵਿਕ ਸਬਜ਼ੀਆਂ ਅਤੇ ਜੜੀ ਬੂਟੀਆਂ ਦੀ ਕਾਸ਼ਤ ਦੇ ਗੁਰ

ਲੁਧਿਆਣਾ : ਪੀ.ਏ.ਯੂ. ਦੇ ਜੈਵਿਕ ਖੇਤੀ ਸਕੂਲ ਵੱਲੋਂ ਜੈਵਿਕ ਸਬਜ਼ੀਆਂ ਅਤੇ ਜੜੀ ਬੂਟੀਆਂ ਦੀ ਕਾਸ਼ਤ ਲਈ ਇਕ ਰੋਜ਼ਾ ਆਨਲਾਈਨ ਸਿਖਲਾਈ ਕੋਰਸ ਲਗਾਇਆ ਗਿਆ । ਇਸ ਵਿਚ 35 ਕਿਸਾਨ ਸ਼ਾਮਿਲ ਹੋਏ । ਇਹ ਸਿਖਲਾਈ ਬਾਇਓਟੈੱਕ ਕਿਸਾਨ ਪ੍ਰੋਜੈਕਟ ਅਧੀਨ ਕਿਸਾਨਾਂ ਨੂੰ ਦਿੱਤੀ ਗਈ । ਫ਼ਸਲ ਵਿਗਿਆਨੀ ਡਾ. ਅਮਨਦੀਪ ਸਿੰਘ ਸਿੱਧੂ ਨੇ ਕਿਸਾਨਾਂ ਨੂੰ ਘਰੇਲੂ ਵਰਤੋਂ ਲਈ ਜੈਵਿਕ ਭੋਜਨ ਉਗਾਉਣ ਦੀ ਸਲਾਹ ਦਿੱਤੀ । ਡਾ. ਮਨੀਸ਼ਾ ਠਾਕੁਰ ਨੇ ਮਹਾਂਮਾਰੀ ਦੇ ਦੌਰ ਵਿਚ ਸਬਜ਼ੀਆਂ ਦੇ ਮਹੱਤਵ ਬਾਰੇ ਗੱਲ ਕਰਦਿਆਂ ਜੈਵਿਕ ਸਬਜ਼ੀਆਂ ਦੀ ਕਾਸ਼ਤ ਦੇ ਨੁਕਤੇ ਦੱਸੇ । ਡਾ. ਰਾਜਿੰਦਰ ਕੁਮਾਰ ਨੇ ਹਲਦੀ, ਮੈਂਥਾ ਆਦਿ ਹਰਬਲ ਪੌਦਿਆਂ ਦੀ ਕਾਸ਼ਤ ਬਾਰੇ ਵਿਸਥਾਰ ਨਾਲ ਗੱਲ ਕੀਤੀ । ਡਾ. ਰੇਣੁਕਾ ਅਗਰਵਾਲ ਨੇ ਜੈਵਿਕ ਤਰੀਕੇ ਨਾਲ ਪੈਦਾ ਕੀਤੇ ਭੋਜਨ ਦੇ ਪੌਸ਼ਕ ਤੱਤਾਂ ਬਾਰੇ ਆਪਣੇ ਵਿਚਾਰ ਰੱਖੇ ।
ਸਕੂਲ ਦੇ ਨਿਰਦੇਸ਼ਕ ਡਾ. ਚਰਨਜੀਤ ਸਿੰਘ ਔਲਖ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਘਰੇਲੂ ਵਰਤੋਂ ਲਈ ਬਿਨਾਂ ਕੀਟਨਾਸ਼ਕਾਂ ਤੋਂ ਜੈਵਿਕ ਤਰੀਕੇ ਨਾਲ ਆਪਣੇ ਭੋਜਨ ਪਦਾਰਥ ਪੈਦਾ ਕਰਨ ਨੂੰ ਤਰਜੀਹ ਦੇਣ ।