ਚੰਡੀਗੜ੍ਹ- ਜਿਵੇਂ ਕਿ ਪਹਿਲਾਂ ਤੋਂ ਹੀ ਅੰਦੇਸ਼ਾ ਸੀ ਪੰਜਾਬ ਵਿਧਾਨ ਸਭਾ ਚੋਣਾ ਚ ਕਾਂਗਰਸ ਪਾਰਟੀ ਦੀ ਬੁਰੀ ਤਰ੍ਹਾਂ ਹੋਈ ਹਾਰ ਤੋਂ ਬਾਅਦ ਪਾਰਟੀ ਚ ਕਲੇਸ਼ ਵੱਡੇ ਪੱਧਰ ‘ਤੇ ਪਹੁੰਚ ਗਿਆ ਹੈ.ਚੰਨੀ ਸਰਕਾਰ ਚ ਡਿਪਟੀ ਸੀ.ਐੱਮ ਰਹੇ ਸੁਖਜਿੰਦਰ ਰੰਧਾਵਾ ਨੇ ਪਾਰਟੀ ਦੀ ਹਾਰ ਲਈ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੂੰ ਜ਼ਿੰਮੇਵਾਰ ਦੱਸਿਆ ਹੈ.ਰੰਧਾਵਾ ਦੇ ਮੁਤਾਬਿਕ ਉਨ੍ਹਾਂ ਨੂੰ ਇਹ ਸਮਝ ਨਹੀਂ ਆ ਰਿਹਾ ਕਿ ਸਿੱਧੂ ਕਾਂਗਰਸ ਦਾ ਭਲਾ ਕਰਨ ਲਈ ਪਾਰਟੀ ਚ ਸ਼ਾਮਿਲ ਹੋਏ ਸਨ ਜਾਂ ਬੇੜਾ ਗਰਕ ਕਰਨ ਲਈ.
ਸੁਖਜਿੰਦਰ ਰੰਧਾਵਾ ਨੇ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਸਿੱਧੂ ਦੀ ਪਾਰਟੀ ਵਿਰੋਧੀ ਬਿਆਨਬਾਜੀ ਨੂੰ ਵੇਖਦਿਆਂ ਹੋਇਆਂ ਇਸ ਨੂੰ ਪਹਿਲਾਂ ਹੀ ਪਾਰਟੀ ਤੋਂ ਕੱਢ ਦੇਨਾ ਚਾਹੀਦਾ ਸੀ.ਰੰਧਾਵਾ ਨੇ ਕਿਹਾ ਕਿ ਡਾ ਮਨਮੋਹਨ ਸਿੰਘ ਨੂੰ ਮੁੰਨੀ ਬਦਨਾਮ ਕਹਿਣ ਵਾਲੇ ਬੰਦੇ ਦਾ ਕੀ ਕਿਰਦਾਰ ਹੋਵੇਗਾ ਜਿਸ ਨੇ ਉਹੀ ਲਾਈਨਾ ਬਦਲ ਕੇ ਕਾਂਗਰਸ ਪਾਰਟੀ ਦੇ ਸਮਾਗਮ ਚ ਮਨਮੋਹਨ ਸਿੰਘ ਦੀ ਤਰੀਫ ਕਰ ਦਿੱਤੀ.
ਕਾਂਗਰਸ ਚ ਮਾਝੇ ਦਾ ਜਰਨੈਲ ਮੰਨੇ ਜਾਂਦੇ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਸਿੱਧੂ-ਚੰਨੀ ਵਿਵਾਦ ਕਰਕੇ ਪਾਰਟੀ ਹਾਸ਼ੀਏ ‘ਤੇ ਚਲੀ ਗਈ ਹੈ.ਮੁੱਖ ਮੰਤਰੀ ਵਲੋਂ ਲਏ ਗਏ ਹਰੇਕ ਫੈਸਲੇ ਦਾ ਵਿਰੋਧ ਕਰਨ ‘ਤੇ ਜਨਤਾ ਚ ਗਲਤ ਸੁਨੇਹਾ ਗਿਆ.ਲੋਕ ਇਹ ਮੰਨ ਗਏ ਕਿ ਇਨ੍ਹਾਂ ਦੀ ਸਿਰਫ ਕੁਰਸੀ ਦੀ ਲੜਾਈ ਹੈ.ਜਿਸ ਕਾਰਣ ਲੋਕਾਂ ਨੇ ਬਦਲਾਅ ਦਾ ਵਿਕਲਪ ਚੁੰਣਿਆ.ਰੰਧਾਵਾ ਨੇ ਕਾਂਗਰਸ ਹਾਈਕਮਾਨ ਨੂੰ ਸਿੱਧੂ ਖਿਲਾਫ ਐਕਸ਼ਨ ਲੈਣ ਦੀ ਅਪੀਲ ਕੀਤੀ ਹੈ.