ਪਟਿਆਲਾ – 34 ਸਾਲ ਪੁਰਾਣੇ ਸੜਕੀ ਹਿੰਸਾ ਦੇ ਇਕ ਮਾਮਲੇ ਵਿੱਚ ਵੀਰਵਾਰ ਨੂੰ ਸੁਪਰੀਮ ਕੋਰਟ ਵੱਲੋਂ ਇਕ ਸਾਲ ਦੀ ਬਾਮੁਸ਼ੱਕਤ ਕੈਦ ਦੀ ਸਜ਼ਾ ਸੁਣਾਏ ਜਾਣ ਮਗਰੋਂ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਐਮ.ਪੀ.ਸ: ਨਵਜੋਤ ਸਿੰਘ ਸਿੱਧੂ ਨੇ ਸੁਪਰੀਮ ਕਰਟ ਤਕ ਪਹੁੰਚ ਕਰਕੇ ‘ਸਰੰਡਰ’ ਕਰਨ ਲਈ ਹੋਰ ਸਮਾਂ ਮੰਗਿਆ ਹੈ, ਪਰ ਸੁਪਰੀਮ ਕਰਟ ਦੇ ਇਕ ਜੱਜ ਨੇ ਸਿੱਧੂ ਨੂੰ ਇਹ ਮਾਮਲਾ ਚੀਫ਼ ਜਸਟਿਸ ਸਾਹਮਣੇ ਲਿਜਾਣ ਲਈ ਕਿਹਾ ਹੈ।
ਇਸ ਤੋਂ ਪਹਿਲਾਂ ਇਹ ਖ਼ਬਰ ਸੀ ਕਿ ਸ: ਸਿੱਧੂ ਸ਼ੁੱਕਰਵਾਰ ਸਵੇਰੇ 10 ਵਜੇ ਅਦਾਲਤ ਵਿੱਚ ਆਤਮ ਸਮਰਪਣ ਕਰ ਸਕਦੇ ਹਨ। ਇਸ ਸੰਬੰਧ ਵਿੱਚ ਬਕਾਇਦਾ ਜ਼ਿਲ੍ਹਾ ਕਾਂਗਰਸ ਪ੍ਰਧਾਨ ਵੱਲੋਂ ਸੂਚਿਤ ਕੀਤਾ ਗਿਆ ਸੀ ਪਰ ਸ: ਸਿੱਧੂ 10 ਵਜੇ ਅਦਾਲਤ ਨਹੀਂ ਪਹੁੰਚੇ ਜਿਸ ਮਗਰੋਂ ਇਹ ਕਿਹਾ ਗਿਆ ਕਿ ਉਹ ਲੰਚ ਤੋਂ ਬਾਅਦ ਆਤਮ ਸਮਰਪਣ ਕਰ ਸਕਦੇ ਹਨ।
ਦੂਜੇ ਬੰਨੇ ਸ: ਸਿੱਧੂ ਨੇ ਆਪਣੇ ਵਕੀਲ ਸ੍ਰੀ ਅਭਿਸ਼ੇਕ ਮਨੂ ਸਿੰਘਵੀ ਰਾਹੀਂ ਸੁਪਰੀਮ ਕੋਰਟ ਤਕ ਪਹੁੰਚ ਕੀਤੀ ਜਿਸ ਵਿੱਚ ਸ: ਸਿੱਧੂ ਦੀ ਸਿਹਤ ਦਾ ਹਵਾਲਾ ਦਿੰਦਿਆਂ ਕਿਹਾ ਗਿਅ ਕਿ ਉਹ ਆਤਮ ਸਮਰਪਣ ਕਰਨਗੇ ਪਰ ਉਨ੍ਹਾਂ ਨੂੰ ਕੁਝ ਹਫ਼ਤਿਆਂ ਦਾ ਸਮਾਂ ਦਿੱਤਾ ਜਾਵੇ।
ਇਸ ’ਤੇ ਜਸਟਿਸ ਖ਼ਾਨਵਿਲਕਰ ਨੇ ਸ: ਸਿੱਧੂ ਦੇ ਵਕੀਲ ਨੂੰ ਕਿਹਾ ਕਿ ਉਹ ਅਰਜ਼ੀ ਦਾਖ਼ਲ ਕਰਕੇ ਮੁੱਖ ਜੱਜ ਤੋਂ ਮਾਮਲੇ ਦੀ ਸੁਣਵਾਈ ਦੀ ਮੰਗ ਕਰਨ ਕਿਉਂਕਿ ਇਹ ਕੇਸ ਇਕ ਸਪੈਸ਼ਲ ਬੈਂਚ ਵੱਲੋਂ ਸੁਣਿਆ ਗਿਆ ਸੀੇ। ਇਸ ਬੈੱਚ ਵਿੱਚ ਜਸਟਿਸ ਖ਼ਨਵਿਲਕਰ ਤੋਂ ਇਲਾਵਾ ਜਸਟਿਸ ਸੰਜੇ ਕਿਸ਼ਨ ਕੌਲ ਸ਼ਾਮਲ ਸਨ ਅਤੇ ਉਨ੍ਹਾਂ ਨੇ 1988 ਦੇ ਇਸ ਮਾਮਲੇ ਵਿੱਚ ਗੁਰਨਾਮ ਸਿੰਘ ਨਾਂਅ ਦੇ ਪੀੜਤ ਦੀ ਸੜਕੀ ਹਿੰਸਾ ਵਿੱਚ ਹੋਈ ਮੌਤ ਲਈ ਸ: ਸਿੱਧੂ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਸੀ ਕਿ ਇਸ ਕੇਸ ਵਿੱਚ ਕੇਵਲ ਇਕ ਹਜ਼ਾਰ ਰੁਪਏ ਜੁਰਮਾਨਾ ਕੀਤਾ ਜਾਣਾ ਸਹੀ ਨਹੀਂ ਸੀ ਇਸ ਲਈ ਸ: ਸਿੱਧੂ ਨੂੰ ਇਕ ਸਾਲ ਬਾਮੁਸ਼ੱਕਤ ਕੈਦ ਦੀ ਸਜ਼ਾ ਸੁਣਾਈ ਗਈ ਸੀ।
ਸ੍ਰੀ ਸਿੰਘਵੀ ਨੇ ਕਿਹਾ ਹੈ ਕਿ ਉਹ ਇਹ ਮਾਮਲਾ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਅੱਗੇ ਅੱਜ ਹੀ ਲਿਜਾਣ ਦੀ ਕੋਸ਼ਿਸ਼ ਕਰਨਗੇ।
ਸਮਝਿਆ ਜਾਂਦਾ ਹੈ ਕਿ ਸ: ਸਿੱਧੂ ਆਤਮ ਸਮਰਪਣ ਤੋਂ ਪਹਿਲਾਂ ਕਾਨੂੰਨ ਅਨੁਸਾਰ ਉਨ੍ਹਾਂ ਕੋਲ ਮੌਜੂਦ ਸਾਰੇ ਬਦਲ ਅਜ਼ਮਾਉਣ ਤੋਂ ਬਾਅਦ ਹੀ ਆਤਮ ਸਮਰਪਣ ਕਰਨਗੇ।
ਜ਼ਿਕਰਯੋਗ ਹੈ ਕਿ ਸ: ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ: ਨਵਜੋਤ ਕੌਰ ਸਿੱਧੂ ਵੀ ਵੀਰਵਾਰ ਰਾਤ ਅੰਮ੍ਰਿਤਸਰ ਤੋਂ ਪਟਿਆਲਾ ਪਹੁੰਚ ਗਏ ਸਨ ਅਤੇ ਸ: ਸਿੱਧੂ ਦੇ ਸਮਰਥਕ ਵੀ ਉਨ੍ਹਾਂ ਨੂੰ ਨੈਤਿਕ ਸਮਰਥਨ ਦੇਣ ਲਈ ਪਹੁੰਚੇ ਹਨ।
ਸ: ਸਿੱਧੂ ਨੂੰ ਸਜ਼ਾ ਸੁਣਾਏ ਜਾਣ ਦੀ ਖ਼ਬਰ ਬੀਤੇ ਕਲ੍ਹ ਉਸ ਵੇਲੇ ਮਿਲੀ ਸੀ ਜਦ ਉਹ ਪਟਿਆਲਾ ਵਿੱਚ ਹੀ ਮਹਿੰਗਾਈ ਦੇ ਖਿਲਾਫ਼ ਇਕ ਰੋਸ ਪ੍ਰਦਰਸ਼ਨ ਦੀ ਅਗਵਾਈ ਹਾਥੀ ’ਤੇ ਚੜ੍ਹ ਕੇ ਕਰ ਰਹੇ ਸਨ। ਇਸ ਮਗਰੋਂ ਉਨ੍ਹਾਂ ਨੇ ਕਿਹਾ ਸੀ ਕਿ ਉਹ ਕਾਨੂੰਨ ਦੀ ਇੱਜ਼ਤ ਕਰਦੇ ਹਨ ਅਤੇ ਅਦਾਲਤ ਦੇ ਫੈਸਲੇ ’ਤੇ ਫੁੱਲ ਚੜ੍ਹਾਉਣਗੇ।